ਖੇਤਰੀ ਪ੍ਰਤੀਨਿਧ
ਬਰਨਾਲਾ, 10 ਮਈ
ਨੇੜਲੇ ਪਿੰਡ ਸੇਖਾ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਅਧੀਨ 12 ਲੱਖ ਦੀ ਲਾਗਤ ਨਾਲ ਤਿਆਰ ਹੋ ਰਹੀ ਇਮਾਰਤ ਦਾ ਸਿੱਖਿਆ ਮੰਤਰੀ ਪੰਜਾਬ ਦੇ ਨਜ਼ਦੀਕੀ ਸਾਥੀ ਅਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਨੀਂਹ ਪੱਥਰ ਰੱਖ ਕੇ ਆਰੰਭ ਕਰਵਾਇਆ।
ਸਥਾਨਕ ਆਗੂ ਰਾਜਵਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਵੜੈਚ ਤੇ ਯੋਧਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਾਹਰ-ਬਾਹਰ ਕੱਟੂ ਰੋਡ ’ਤੇ ਸਥਿਤ ਇਸ ਸਥਾਨ ’ਤੇ ਸਮੁੱਚੇ ਪਿੰਡ ਸੇਖਾ ਦਾ ਗਿੱਲਾ-ਸੁੱਕਾ ਕੂੜਾ ਇਕੱਤਰ ਤੇ ਛਾਂਟੀ ਕਰਕੇ ਵੱਖ-ਵੱਖ ਪਿੱਟਸ/ਹੌਦੀਆਂ ’ਚ ਜਮ੍ਹਾਂ ਕੀਤਾ ਜਾਵੇਗਾ। ਗਲਣ ਉਪਰੰਤ ਤਿਆਰ ਖਾਦ ਨੂੰ ਜ਼ਮੀਨੀ ਉਪਜਾਊ ਸ਼ਕਤੀ ਵਰਧਕ ਵਜੋਂ ਵਰਤੋਂ ’ਚ ਲਿਆਂਦਾ ਜਾ ਸਕਦਾ ਹੈ। ਮੁੱਖ ਮਹਿਮਾਨ ਗੁਰਦੀਪ ਬਾਠ ਨੇ ਦੱਸਿਆ ਕਿ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਮੀਤ ਹੇਅਰ ਸੂਬੇ ਦੇ ਨਾਲ-ਨਾਲ ਆਪਣੇ ਹਲਕੇ ਦੇ ਪਿੰਡਾਂ ਦੇ ਵਿਕਾਸ ਨੂੰ ਵਿਸ਼ੇਸ਼ ਤਵੱਜੋ ਦੇ ਰਹੇ ਹਨ। ਇਸ ਮੌਕੇ ਸਰਪੰਚ ਸੁਰਜੀਤ ਸਿੰਘ, ਪੰਚ ਹਰਬੰਸ ਸਿੰਘ, ਗੁਰਾ ਤੋਂ ਇਲਾਵਾ ਜਗਦੇਵ ਸਿੰਘ ਮਾਨ, ਮੋਰ, ਰਾਮ ਤੀਰਥ ਮੰਨਾ, ਜਸਵਿੰਦਰ ਸੇਖਾ, ਹਰੀਓਮ, ਕੁਲਦੀਪ, ਸਰਬਜੀਤ ਜੱਗਾ ਤੇ ਗਾਜਾ ਆਦਿ ਵੀ ਹਾਜ਼ਰ ਸਨ।