ਜਸਵੰਤ ਜੱਸ
ਫ਼ਰੀਦਕੋਟ, 23 ਜੂਨ
ਪੰਛੀਆਂ ਦੀ ਗਿਣਤੀ ਵਧਾਉਣ ਲਈ ‘ਪੰਛੀ ਵਿਗਿਆਨ ਦੇ ਆਧਾਰ ’ਤੇ ਕੰਮ ਕਰ ਰਹੀ ਬਰਡਜ਼ ਐਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡ ਸੁਸਾਇਟੀ ‘ਬੀੜ’ ਦੁਆਰਾ ਪਿੰਡ ਜੰਡਵਾਲਾ ਵਿੱਚ ਬੀੜ ਸੁਸਾਇਟੀ ਦਾ ਗਠਨ ਕਰ ਕੇ ਪੰਛੀਆਂ ਲਈ ਮਿੱਟੀ ਦੇ ਮਸਨੂਈ ਆਲ੍ਹਣੇ ਲਾਏ। ‘ਪੰਛੀ ਬਚਾਓ, ਫ਼ਰਜ਼ ਨਿਭਾਓ’ ਮੁਹਿੰਮ ਤਹਿਤ ਆਲ੍ਹਣੇ ਲਾਉਣ ਲਈ ਸੇਵਾ ਕੈਨੇਡਾ ਵਾਸੀ ਗੁਰਵਿੰਦਰ ਸਿੰਘ ਗੈਰੀ ਬਰਾੜ ਵੱਲੋਂ ਕੀਤੀ ਗਈ। ‘ਬੀੜ’ ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਅਤੇ ਰੈਂਬੋ ਬਰਾੜ ਨੇ ਦੱਸਿਆ ਕਿ ਪਿੰਡ ਦੀ ਨੌਜਵਾਨ ਸਭਾ ਨਾਲ ਮਿਲ ਕੇ ਬੀੜ ਸੁਸਾਇਟੀ ਦੇ ਨੌਜਵਾਨ ਵਾਤਾਵਰਨ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਨਾਲ ਨਾਲ ਪਿੰਡ ਵਿਚ ਉਸਾਰੂ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਨਗੇ। ਉਨ੍ਹਾਂ ਦੱਸਿਆ ਕਿ ਪਿੰਡ ਦੇ ਉਤਸ਼ਾਹੀ ਨੌਜਵਾਨਾਂ ਵੱਲੋਂ ਫਿਰਨੀ ਦੀ ਸਫਾਈ ਦੇ ਨਾਲ ਨਾਲ ਗਲੀਆਂ ਵਿਚ ਰੌਸ਼ਨੀ ਲਈ ਟਿਊਬਾਂ ਲਾਉਣ ਦੇ ਨਾਲ ਨਾਲ ਖੰਭਿਆਂ ਨੂੰ ਖ਼ੂਬਸੂਰਤ ਰੰਗਾਂ ਨਾਲ ਸ਼ਿੰਗਾਰਨ ਦਾ ਕਾਰਜ ਵੀ ਕੀਤਾ ਗਿਆ ਹੈ। ਪਿੰਡ ’ਚ ਬਣੀ ਬੀੜ ਸੁਸਾਇਟੀ ਵਿਚ ਜਸਕਰਨ ਸਿੰਘ ਬਰਾੜ ਫ਼ੌਜੀ, ਗੁਰਵਿੰਦਰ ਸਿੰਘ ਬਰਾੜ ਗੈਰੀ ਕੈਨੇਡੀਅਨ, ਸੁਖਵੀਰ ਸਿੰਘ ਬਰਾੜ, ਗੁਰਸੇਵਕ ਸਿੰਘ ਹੌਲਦਾਰ, ਜਗਸੀਰ ਸਿੰਘ ਗਿੱਲ, ਰੈਂਬੋ ਬਰਾੜ, ਜਸਵੀਰ ਸਿੰਘ ਫੌਜੀ, ਸੁਰਿੰਦਰ ਸਿੰਘ ਗਰੇਵਾਲ, ਸੂਬੇਦਾਰ ਕੁਲਵੰਤ ਸਿੰਘ, ਮਲਕੀਤ ਸਿੰਘ ਪੰਚਾਇਤ ਮੈਂਬਰ ਅਤੇ ਜਗਸੀਰ ਸਿੰਘ ਫ਼ੌਜੀ ਦੁਆਰਾ ਸੇਵਾ ਕਾਰਜ ਕੀਤੇ ਗਏ ਹਨ। ਫ਼ਰੀਦਕੋਟ ਸ਼ਾਖਾਂ ਤੋਂ ਕੁਲਦੀਪ ਸਿੰਘ ਪੁਰਬਾ, ਗੁਰਪ੍ਰੀਤ ਸਰਾਂ, ਪੰਛੀ ਮਾਹਿਰ ਸ਼ੰਕਰ ਸ਼ਰਮਾ, ਗੁਰਬਿੰਦਰ ਸਿੰਘ ਸਿੱਖਾਂਵਾਲ਼ਾ, ਜ਼ੀਆ ਗਿੱਲ ਅਤੇ ਸ਼ਿੰਦਰ ਕੱਕੜ ਨੇ ਆਲ੍ਹਣੇ ਲਾਉਣ ਦੇ ਕਾਰਜ ਕੀਤੇ।