ਜਸਵੰਤ ਜੱਸ
ਫਰੀਦਕੋਟ, 13 ਸਤੰਬਰ
ਵੇਰਕਾ ਦੇ ਦੁੱਧ ਪਦਾਰਥਾਂ ਨੇ ਹੁਣ ਫਰੀਦਕੋਟ ਦੇ ਪਿੰਡਾਂ ਵਿੱਚ ਦਸਤਕ ਦੇ ਦਿੱਤੀ ਹੈ। ਮਿਲਕਫੈੱਡ ਦੁਆਰਾ ਇਸ ਕਾਰਜ ਲਈ ‘ਮਿਸ਼ਨ ਵੇਰਕਾ ਗ੍ਰਾਮੀਣ ਮੰਡੀਕਰਨ ਯੋਜਨ’ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਵੇਰਕਾ ਦੁਆਰਾ ਪਿੰਡ ਡੱਗੋ ਰੋਮਾਣਾ ਵਿੱਚ ਨਵੇਂ ਬਲਰ ਮਿਲਰ ਕੂਲਰ ਅਤੇ ਮਿਲਕ ਬੂਥ / ਵੇਰਕਾ ਵਿਕਰੀ ਕੇਂਦਰ ਦੇ ਉਦਘਾਟਨ ਫਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਨੇ ਕੀਤਾ। ਮਿਲਕਫੈੱਡ ਦੇ ਇਸ ਨਵੇਂ ਉਪਰਾਲੇ ਤੇ ਮਿਲਕ ਯੂਨੀਅਨ ਫਰੀਦਕੋਟ ਦੇ ਸਮੂਹ ਬੋਰਡ ਆਫ ਡਾਇਰੈਕਟਰਾਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਨੇ ਕਿਹਾ ਕਿ ਇਸ ਯੋਜਨਾ ਨਾਲ ਲੋਕਾਂ ਨੂੰ ਵੇਰਕਾ ਦੇ ਸ਼ੁੱਧ ਦੁੱਧ ਪਦਾਰਥ ਮੁਹੱਈਆ ਹੋਣ ਦੇ ਨਾਲ-ਨਾਲ ਵੇਰਕਾ ਫਰੀਦਕੋਟ ਡੇਅਰੀ ਦਾ ਕਾਰੋਬਾਰ ਵਧੇਗਾ ਅਤੇ ਇਸ ਦਾ ਲਾਭ ਮਿਲਕ ਯੂਨੀਅਨ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਹੋਵੇਗਾ। ਮਾਰਕੀਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਗਿੰਦਰਜੀਤ ਸਿੰਘ ਸੇਖੋਂ ਨੇ ਤਾਲਾਬੰਦੀ ਦੌਰਾਨ ਮਿਲਕਫੈਡ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਮਿਲਕ ਯੂਨੀਅਨ ਫਰੀਦਕੋਟ ਦੇ ਚੇਅਰਮੈਨ ਜਗਜੀਵਨ ਸਿੰਘ ਸੰਧੂ ਨੇ ਕਿਹਾ ਕਿ ਵੇਰਕਾ ਦੇ ਦੁੱਧ ਪਦਾਰਥ ਪਨੀਰ, ਦਹੀਂ, ਖੀਰ, ਆਈਸਕਰੀਮ, ਕੁਲਫੀਆਂ ਆਦਿ ਤੋਂ ਇਲਾਵਾ ਵੇਰਕਾ ਪਸ਼ੂ ਖੁਰਾਕ ਅਤੇ ਮਿਨਰਲ ਮਿਕਸਚਰ ਹੁਣ ਪਿੰਡਾਂ ਵਿੱਚ ਉਪਲਬਧ ਹੋਣਗੇ।
ਮਿਲਕ ਯੂਨੀਅਨ ਦੇ ਡਾਇਰੈਕਟਰ ਜਸਕਰਨ ਸਿੰਘ, ਮਿਲਕ ਯੂਨੀਅਨ ਫਰੀਦਕੋਟ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਪਹਿਲਾਂ ਵੇਰਕਾ ਪਦਾਰਥਾਂ ਦੀ ਪਹੁੰਚ ਕੇਵਲ ਸ਼ਹਿਰੀ ਖੇਤਰਾਂ ਵਿੱਚ ਹੋਣ ਕਰਕੇ ਪਿੰਡਾਂ ਦੇ ਗਾਹਕਾਂ ਨੂੰ ਵੇਰਕਾ ਪਦਾਰਥ ਪ੍ਰਾਪਤ ਕਰਨ ਵਿੱਚ ਦਿੱਕਤ ਆਉਂਦੀ ਸੀ। ਇਸ ਮੌਕੇ ਬਲਵੰਤ ਸਿੰਘ ਭਾਣਾ ਬਲਾਕ ਪ੍ਰਧਾਨ ਕਾਂਗਰਸ, ਨਛੱਤਰ ਸਿੰਘ ਸਾਬਕਾ ਸਰਪੰਚ ਦਾਨਾ ਰੋਮਾਣਾ ਹਾਜ਼ਰ ਸਨ।