ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਇਲਾਕੇ ਵਿੱਚ ਬੀਤੀ ਸ਼ਾਮ ਹੋਈ ਗੜ੍ਹੇਮਾਰੀ ਨੇ ਸਬਜ਼ੀਆਂ ਦੀਆਂ ਫ਼ਸਲਾਂ ਤੋਂ ਇਲਾਵਾ ਪਸ਼ੂਆਂ ਵਾਲੇ ਸ਼ੈੱਡਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਦੋਦਾ ਦੇ ਕਿਸਾਨ ਗੁਰਮੇਲ ਸਿੰਘ ਨੇ ਪਿੰਡ ਬਾਦੀਆਂ ਵਿੱਚ ਜ਼ਮੀਨ 60 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲੈ ਕੇ ਉਸ ਵਿੱਚ ਟਮਾਟਰ, ਕੱਦੂ, ਪਾਲਕ, ਟਿੰਡੇ, ਗਵਾਰ ਫਲੀ, ਚੋਲਾ ਫਲੀ, ਭਿੰਡੀ, ਤੋਰੀ, ਗੋਭੀ ਅਤੇ ਖੱਖੜੀ ਆਦਿ ਫ਼ਸਲਾਂ ਬੀਜੀਆਂ ਸਨ ਪਰ ਬੀਤੀ ਸ਼ਾਮ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਉਨ੍ਹਾਂ ਦੀ ਟਮਾਟਰ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਦੋਂਕਿ ਗਵਾਰ ਫਲੀ ਅਤੇ ਖੱਖੜੀ ਦੀ ਫ਼ਸਲ ਦਾ 50 ਫ਼ੀਸਦੀ ਨੁਕਸਾਨ ਹੋਇਆ ਹੈ। ਬਾਕੀ ਦੀਆਂ ਫ਼ਸਲਾਂ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਪਿੰਡ ਲੂੰਡੇਵਾਲਾ ਦੇ ਕਿਸਾਨਾਂ ਗੁਰਚਰਨ ਸਿੰਘ ਅਤੇ ਵਜ਼ੀਰ ਸਿੰਘ ਦੀ ਜਵਾਰ ਅਤੇ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਣ ਤੋਂ ਇਲਾਵਾ ਪਸ਼ੂਆਂ ਦੇ ਸ਼ੈੱਡ ਟੁੱਟ ਗਏ। ਇਸੇ ਤਰ੍ਹਾਂ ਪਿੰਡ ਗੁੁਰੂਸਰ ਦੇ ਕਿਸਾਨ ਚਰਨਜੀਤ ਸਿੰਘ ਦੇ ਘਰ ਵਿੱਚ ਬਣੇ ਪਸ਼ੂਆਂ ਦੇ ਸ਼ੈੱਡ ਦਾ ਵੀ ਨੁਕਸਾਨ ਹੋਇਆ ਹੈ। ਉੱਧਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਆਪਣੀ ਟੀਮ ਸਮੇਤ ਪਿੰਡਾਂ ਵਿੱਚ ਪੁੱਜੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਜਾਣਕਾਰੀ ਲਈ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰ ਕੇ ਉੱਚ ਅਫ਼ਸਰਾਂ ਅਤੇ ਵਿਭਾਗ ਨੂੰ ਭੇਜੀ ਜਾ ਰਹੀ ਹੈ।