ਰਮਨਦੀਪ ਸਿੰਘ
ਚਾਉਕੇ, 17 ਅਪਰੈਲ
ਪਿੰਡ ਮੰਡੀ ਕਲਾਂ ਅਧੀਨ ਆਉਂਦੇ ਬਾਲਿਆਵਾਲੀ ਵਾਲੇ ਰਾਹ ’ਤੇ ਸੀਵਰੇਜ ਦੀਆਂ ਪਾਈਪਾਂ ਵਿੱਚ ਤਰੇੜਾਂ ਆਉਣ ਕਾਰਨ ਜ਼ਮੀਨ ਧੱਸ ਗਈ ਹੈ। ਜ਼ਮੀਨ ਧੱਸਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਨੌਜਵਾਨ ਕਿਸਾਨ ਜਸਵੰਤ ਸਿੰਘ ਕਾਲਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਰੀਬ 18 ਕਿੱਲੋਮੀਟਰ ਦੂਰ ਪੈਂਦੇ ਮੌੜ ਸ਼ਹਿਰ ਦੇ ਸੀਵਰੇਜ ਦਾ ਪਾਣੀ ਪਿੰਡ ਮੰਡੀ ਕਲਾਂ ਦੀ ਲਸਾੜਾ ਡਰੇਨ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਪਾ ਦਿੱਤਾ ਗਿਆ ਸੀ ਜੋ ਹੁਣ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ। ਸੀਵਰੇਜ ਵਾਲੀਆਂ ਪਾਈਪਾਂ ਜਗ੍ਹਾ ਜਗ੍ਹਾ ਤੋਂ ਟੁੱਟ ਰਹੀਆਂ ਹਨ ਅਤੇ ਜ਼ਮੀਨ ਧੱਸਣ ਕਾਰਨ ਸਾਰੇ ਰਾਹ ਵਿਚ ਖੱਡੇ ਪੈ ਗਏ ਹਨ। ਉਸ ਨੇ ਕਿਹਾ ਕਿ ਰਾਹ ਵਿੱਚ ਪਏ ਖੱਡਿਆਂ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਆਉਣ ਵਾਲੇ ਦਿਨਾਂ ਵਿਚ ਇਸ ਰਾਹ ’ਤੇ ਸੜਕ ਬਣਾ ਦਿੱਤੀ ਜਾਵੇਗੀ ਪਰ 7 ਸਾਲ ਬੀਤ ਜਾਣ ਮਗਰੋਂ ਵੀ ਸੜਕ ਤਾਂ ਕੀ ਬਣਨੀ ਸੀ ਰਸਤੇ ਨੂੰ ਠੀਕ ਨਹੀਂ ਕੀਤਾ ਗਿਆ। ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਕਾਫ਼ੀ ਬਦਬੂ ਆਉਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਕੰਮ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਖੱਡਿਆਂ ਕਾਰਨ ਕਿਸਾਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ ਜਾਂ ਖੇਤੀ ਵਾਲੇ ਸੰਦ ਖਰਾਬ ਹੋ ਜਾਂਦੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਹੁਣ ਰਸਤੇ ’ਤੇ ਫਿਰ ਤੋਂ ਸੀਵਰੇਜ ਦੇ ਪਾਈਪ ਨਹੀਂ ਪਾਉਣ ਦਿੱਤੇ ਜਾਣਗੇ।
ਪਾਈਪਾਂ ਪਾਉਣ ਨਹੀਂ ਦੇ ਰਹੇ ਕਿਸਾਨ: ਜੇਈ
ਵਿਭਾਗ ਦੇ ਜੇਈ ਮਨੀਸ਼ ਸਿੰਗਲਾ ਨੇ ਕਿਹਾ ਕਿ ਲੀਕ ਹੋਏ ਪਾਈਪ ਬਦਲਣ ਲਈ ਐਸਟੀਮੇਟ ਬਣ ਕੇ ਟੈਂਡਰ ਕਰ ਦਿੱਤੇ ਗਏ ਹਨ ਪਰ ਕਿਸਾਨ ਪਾਈਪਾਂ ਪਾਉਣ ਨਹੀਂ ਦੇ ਰਹੇ ਜਦੋਂ ਵੀ ਕਿਸਾਨ ਪਾਈਪਾਂ ਪਾਉਣ ਲਈ ਸਹਿਮਤ ਹੋ ਜਾਣਗੇ ਕੰਮ 10 ਦਿਨਾਂ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ।