ਪੁਨੀਤ ਮੈਨਨ
ਧਨੌਲਾ, 7 ਜੁਲਾਈ
ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਕਈ ਹਥਕੰਡੇ ਵਰਤ ਰਹੇ ਹਨ। ਪੰਜਾਬੀਆਂ ਲਈ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾ ਕੇ ਵਿਦੇਸ਼ ਪਹੁੰਚਣ ਦਾ ਸੌਖਾ ਤਰੀਕਾ ਨੌਜਵਾਨਾਂ ਲਈ ਹੁਣ ਮੌਤ ਦਾ ਸੌਦਾ ਬਣਦਾ ਜਾ ਰਿਹਾ ਹੈ। ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਠੇ ਗੋਬਿੰਦਪੁਰਾ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਵਿਦੇਸ਼ ਜਾਣ ਦੀ ਇੱਛਾ ਪੁਰੀ ਨਾ ਹੰਦੀ ਵੇਖ ਬੀਤੇ ਦਿਨੀ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ ਖੁਦਕੁਸ਼ੀ ਮੌਕੇ ਨੌਜਵਾਨ ਦੇ ਪਿਤਾ ਦੇ ਬਿਆਨਾਂ ’ਤੇ ਪੁਲੀਸ ਨੇ 174 ਦੀ ਕਾਰਵਾਈ ਕੀਤੀ ਸੀ। ਖੁਦਕੁਸ਼ੀ ਨੇ ਅੱਜ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਨੌਜਵਾਨ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਰਹਿ ਰਹੀ ਉਸਦੀ ਘਰਵਾਲੀ ਨੂੰ ਦੋਸ਼ੀ ਠਹਿਰਾਇਆ। ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਦੇ ਲਵਪ੍ਰੀਤ ਸਿੰਘ ਦਾ ਰਿਸ਼ਤਾ ਖੁੱਡੀ ਕਲਾਂ ਵਾਸੀ ਬੇਅੰਤ ਕੌਰ ਨਾਲ 3 ਸਾਲ ਪਹਿਲਾਂ ਹੋਇਆ ਸੀ। ਜਿਸ ਮਗਰੋਂ ਉਨ੍ਹਾਂ ਨੇ ਆਪਣੀ ਜ਼ਮੀਨ ਗਹਿਣੇ ਕਰ ਲੜਕੀ ਦੇ ਵਿਦੇਸ਼ ਜਾਣ ਲਈ 24-25 ਲੱਖ ਕਰਜਾ ਚੁੱਕ ਲਿਆ। ਉਨ੍ਹਾਂ ਦੱਸਿਆ ਰਿਸ਼ਤਾ ਹੋਣ ਤੋਂ ਬਾਅਦ ਬੇਅੰਤ ਵਿਆਹ ਦੀ ਰਸਮ ਵੀ ਨਿਭਾਅ ਕੇ ਵਾਪਸ ਗਈ ਪਰ ਮਗਰੋਂ ਉਸਦਾ ਰਵੱਈਆ ਬਦਲਦਾ ਗਿਆ। ਜਿਸਦਾ ਪਤਾ ਉਨ੍ਹਾਂ ਨੂੰ ਲਵਪ੍ਰੀਤ ਦੀ ਮੌਤ ਮਗਰੋਂ ਉਨ੍ਹਾਂ ਦੀ ਵਟਸਐਪ ਦੀ ਚੈਟ ਤੋਂ ਲੱਗਿਆ। ਲਵਪ੍ਰੀਤ ਦੀ ਮਾਂ ਤੋਂ ਇਹ ਸਦਮਾ ਝੱਲਿਆ ਨਹੀਂ ਜਾ ਰਿਹਾ ਤੇ ਕਹਿੰਦੀ ਹੈ ਕਿ ਉਸਦਾ ਪੁੱਤ ਤਾਂ ਵਿਦੇਸ਼ ਗਿਆ ਹੈ ਤੇ ਜਲਦੀ ਮੁੜ ਆਊ। ਲਵਪ੍ਰੀਤ ਦੇ ਚਾਚਾ ਹਿੰਦੀ ਸਿੱਧੂ ਨੇ ਕਿਹਾ ਕਿ ਪਰਿਵਾਰ ਸਿਰ ਕਰਜ਼ਾ ਵੀ ਹੋ ਗਿਆ ਤੇ ਇਕਲੌਤਾ ਪੁੱਤ ਵੀ ਗਵਾ ਲਿਆ।
ਉਨ੍ਹਾਂ ਲੜਕੀ ’ਤੇ ਦੋਸ਼ ਲਾਇਆ ਕਿ ਲੜਕੀ ਕੈਨੇਡਾ ’ਚ ਕਿਸੇ ਲੜਕੇ ਨਾਲ ਲਿਵਇਨ ਰਿਲੇਸ਼ਨ ਵਿੱਚ ਹੈ ਜਿਸ ਕਾਰਨ ਉਹ ਲਵਪ੍ਰੀਤ ਨੂੰ ਕੈਨੇਡਾ ਨਹੀਂ ਲਿਜਾ ਰਹੀ ਸੀ ਤੇ ਗੱਲਬਾਤ ਬੰਦ ਕਰ ਦਿੱਤੀ ਸੀ। ਲੜਕੀ ਖ਼ਿਲਾਫ਼ ਐੱਸਐੱਸਪੀ ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।