ਸੁੰਦਰ ਨਾਥ ਆਰਿਆ
ਅਬੋਹਰ, 4 ਜੁਲਾਈ
ਨੇੜਲੇ ਪਿੰਡ ਗਿੱਦਾਂਵਾਲੀ ਵਿੱਚ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿੱਚ ਤਲਵਾਰਾਂ ਚੱਲੀਆਂ। ਇਸ ਝਗੜੇ ’ਚ 5 ਵਿਅਕਤੀ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪਿੰਡ ਗਿੱਦੜਾਂਵਾਲੀ ਵਿੱਚ 7 ਕਨਾਲ ਜ਼ਮੀਨ ਨੂੰ ਲੈ ਕੇ ਰਵਿੰਦਰ ਕੁਮਾਰ ਉਰਫ ਰਵੀ ਵਾਸੀ ਦਿਵਾਨਖੇੜਾ, ਸੁਖੀ ਉਰਫ ਏਲੀਅਨ, ਦੀਪੂ, ਮੰਨੂ, ਛਿੰਦਾ ਸਿੰਘ, ਰਮਨਦੀਪ ਸਿੰਘ, ਅਮਨਦੀਪ ਆਦਿ ਨੇ ਦੂਜੀ ਧਿਰ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੂਜੀ ਧਿਰ ਦੇ ਸੰਦੀਪ ਕੰਬੋਜ, ਵਰਿੰਦਰ ਕੁਮਾਰ ਉਰਫ ਬੌਬੀ, ਸੁਨੀਲ ਕੁਮਾਰ ਉਰਫ ਸੋਨੂ ਪੁੱਤਰ ਓਮ ਪ੍ਰਕਾਸ਼, ਸੇਵਾ ਸਿੰਘ, ਸੰਦੀਪ ਕੁਮਾਰ ਉਰਫ਼ ਭੁੱਲਰ ਵਾਸੀ ਪਿੰਡ ਗਿੱਦੜਾਂਵਾਲੀ ਜ਼ਖਮੀ ਹੋਏ ਹਨ। ਪੀੜਤਾਂ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਜਿਨ੍ਹਾਂ ਦੀ ਗਿਣਤੀ ਦਰਜਨ ਤੋਂ ਵਧ ਸੀ ਨੇ ਤਲਵਾਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ। ਸੇਵਾ ਸਿੰਘ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹੈ ਜਦੋਂ ਕਿ ਬਾਕੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ। ਡੀਐਸਪੀ ਸੰਦੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।