ਇਕਬਾਲ ਸਿੰਘ ਸ਼ਾਂਤ
ਲੰਬੀ, 6 ਸਤੰਬਰ
ਮੀਂਹਾਂ ਅਤੇ ਸੇਮ ਦੇ ਸੰਤਾਪੇ ਹਲਕਾ ਲੰਬੀ ਦੀ ਸਰਾਵਾਂ ਜੈਲ ਪੰਜਾਬ ਸਰਕਾਰ ਦੇ ਨਕਸ਼ੇ ਤੋਂ ਖੁਰ ਗਈ ਹੈ। ਕਰੋਨਾ ਦੌਰਾਨ ਸਰਾਵਾਂ ਜੈਲ ਦੇ ਕਰੀਬ ਪੌਣੀ ਦਰਜਨ ਪਿੰਡ ਮੀਂਹਾਂ ਦੀ ਮਾਰ ਹੇਠ ਆਉਣ ਕਰਕੇ ਡੁੱਬਣ ਕਿਨਾਰੇ ਹਨ। ਅਜੇ ਤੱਕ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ‘ਚੋਂ ਪਾਣੀ ਕੱਢਣ ਲਈ ਕੋਈ ਢੁੱਕਵਾਂ ਤਰੱਦਦ ਨਹੀਂ ਹੋਇਆ। ਦਰਜਨਾਂ ਢਾਣੀਆਂ ਪਾਣੀ ਨਾਲ ਘਿਰੀਆਂ ਹੋਈਆਂ ਹਨ। ਫਸਲਾਂ ਬਰਬਾਦ ਹੋਣ ਕਰਕੇ ਪਸ਼ੂ ਹਰੇ-ਚਾਰੇ ਤੋਂ ਵਾਂਝੇ ਹਨ। ਬਰਸਾਤੀ ਪਾਣੀ ਦੇ ਘੇਰੇ ਕਾਰਨ ਪਿੰਡਾਂ ਦੀ ਵਸੋਂ ਖੌਫ਼ ਦੇ ਪਰਛਾਵੇਂ ਹੇਠ ਹੈ। ਮੀਂਹ ਪ੍ਰਭਾਵਿਤ ਖੇਤਰਾਂ ਪ੍ਰਤੀ ਸਰਕਾਰੀ ਬੇਰੁੱਖੀ ਖਿਲਾਫ਼ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਖ਼ਤ ਸਟੈਂਡ ਲਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਤੁਰੰਤ ਗਿਰਦਾਵਰੀ ਕਰਵਾ ਕੇ ਅਤੇ ਮੁਆਵਜ਼ਾ ਦੇ ਕੇ ਪੀੜਤਾਂ ਲਈ ਰਾਹਤ ਕਾਰਜ ਚਲਾਉਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਪੰਨੀਵਾਲਾ ਫੱਤਾ, ਮਿੱਡਾ, ਆਲਮਵਾਲਾ, ਕਰਮਪੱਟੀ, ਗੁਰੂਸਰ ਜੋਧਾ, ਕੱਟਿਆਂਵਾਲੀ ਅਤੇ ਰਾਣੀਵਾਲਾ ਪਿੰਡਾਂ ਦੇ ਹਜ਼ਾਰਾਂ ਏਕੜ ਰਕਬੇ ਵਿੱਚ ਪਾਣੀ ਭਰਿਆ ਪਿਆ ਹੈ। ਪੰਨੀਵਾਲਾ ਫੱਤਾ ਵਿੱਚ ਸਰਕਾਰੀ ਸਕੂਲ ਅਤੇ ਵਾਟਰ ਵਰਕਸ ‘ਚ ਕਰੀਬ ਡੇਢ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਇਨ੍ਹਾਂ ਪਿੰਡਾਂ ‘ਚ ਨਰਮੇ ਅਤੇ ਝੋਨੇ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਕਰੋਨਾ ਦੇ ਮਾਰੇ ਲੋਕਾਂ ‘ਤੇ ਮੀਂਹ ਕਾਰਨ ਦੋਹਰੀ ਮਾਰ ਪਈ ਹੈ। ਡਰੇਨਾਂ ‘ਤੇ ਅਕਾਲੀ ਸਰਕਾਰ ਸਮੇਂ ਲਗਾਏ ਟਿਊਬਵੈੱਲ ਪੰਪ ਵੀ ਪਿਛਲੇ ਸਮੇਂ ਤੋਂ ਬੰਦ ਪਏ ਹਨ। ਪਿੰਡ ਮੂਲਿਆਂਵਾਲੀ ਡਰੇਨ ‘ਚ ਉਥੋਂ ਦੇ ਲੋਕਾਂ ਵੱਲੋਂ ਪਾਣੀ ਨਿਕਾਸੀ ਬੰਦ ਕੀਤੇ ਜਾਣ ਕਰਕੇ ਪੰਨੀਵਾਲਾ ਫੱਤਾ ‘ਚ ਸਥਿਤੀ ਗੰਭੀਰ ਹੋਈ ਹੈ। ਹਾਲਾਤ ਇੰਨੇ ਬਦਤਰ ਹਨ ਕਿ ਰਾਣੀਵਾਲੀ ਖੇਤਰ ਵਿੱਚ 50-60 ਢਾਣੀਆਂ ਪਾਣੀ ਦੇ ਘੇਰੇ ਵਿੱਚ ਹਨ।