ਇਕਬਾਲ ਸਿੰਘ ਸ਼ਾਂਤ
ਲੰਬੀ, 28 ਜੁਲਾਈ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਸ ਹਲਕੇ ‘ਚ ਮਿੱਡਾ ਅਤੇ ਪੰਨੀਵਾਲਾ ਪਿੰਡਾਂ ‘ਚ ਮੀਂਹ ਦੇ ਪਾਣੀ ਨਾਲ ਵਿਗੜੀ ਸਥਿਤੀ ਦਾ ਜਾਇਜ਼ਾ ਲੈਣ ਪੁੱਜੇ। ਵਰ੍ਹਦੇ ਮੀਂਹ ‘ਚ ਮੁੱਖ ਮੰਤਰੀ ਨੇ ਪੀੜਤ ਪਿੰਡਾਂ ਦੀ ਜ਼ਮੀਨੀ ਸਥਿਤੀ ਨੂੰ ਵਾਚਿਆ। ਮੁੱਖ ਮੰਤਰੀ ਨੇ ਜ਼ਿਲ੍ਹੇ ਦੀ ਅਫਸਰਸ਼ਾਹੀ ਨੂੰ ਦੋ ਹਫ਼ਤੇ ਬਾਅਦ ਵੀ ਖੇਤਾਂ ‘ਚ ਪਾਣੀ ਖੜ੍ਹਾ ਹੋਣ ਕਾਰਨ ਜਵਾਬ-ਤਲਬੀ ਕੀਤੀ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਡਰੇਨ ਕੁਦਰਤੀ ਵਹਾਅ ਦੇ ਮੁਤਾਬਕ ਨਾ ਹੋਣ ਕਰਕੇ ਹਰ ਵਾਰ ਸਮੱਸਿਆ ਆਉਂਦੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਲਹਿਜ਼ੇ ‘ਚ ਆਖਿਆ ਕਿ ਅੱਜ ਦੇ ਤਕਨੀਕੀ ਯੁੱਗ ‘ਚ ਚੰਦ ਅਤੇ ਮੰਗਲ ‘ਤੇ ਕੰਟਰੋਲ ਕੀਤਾ ਹੋਇਆ ਹੈ ਤਾਂ ਸੌ-ਪੰਜ ਸੌ ਏਕੜ ਜ਼ਮੀਨ ‘ਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ। ਵਾਰ-ਵਾਰ ਮਦਦ ਨਹੀਂ ਦਿੱਤੀ ਜਾ ਸਕਦੀ। ਸਮੱਸਿਆ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ। ਇਸ ਮੌਕੇ ਲੋਕਾਂ ਦੇ ਮੁਖਾਤਬ ਹੁੰਦਿਆਂ ਮੁੱਖ ਮੰਤਰੀ ਨੇ ਕੱਲ੍ਹ ਮਿੱਡਾ ਪਿੰਡ ‘ਚ ਲੜਕੇ ਦੀ ਪੈਰ ਤਿਲਕਣ ਕਰਕੇ ਹੋਈ ਮੌਤ ‘ਤੇ ਦੁੱਖ ਜਾਹਰ ਕੀਤਾ ਅਤੇ ਆਖਿਆ ਕਿ ਪਿੰਡ ਦੇ ਨੌਜਵਾਨਾਂ ਨੇ ਡਰੇਨ ਗਲਤ ਬਣੇ ਹੋਣ ਬਾਰੇ ਉਨ੍ਹਾਂ ਨੂੰ ਲਿਖ ਕੇ ਦਿੱਤਾ ਹੈ। ਦਸ ਫੁੱਟ ਨੀਵੇਂ ਹੋਣ ਕਰਕੇ ਹਰ ਵਾਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਕਾਗਜ਼ਾਂ ‘ਚ ਹੇਰਾ-ਫੇਰੀ ਕਰਦੀਆਂ ਰਹੀਆਂ। ਹੁਣ ਇਹ ਸਭ ਨਹੀਂ ਚੱਲੇਗਾ। ਜਿਵੇਂ-ਜਿਵੇਂ ਮਸਲੇ ਧਿਆਨ ‘ਚ ਆਉਂਦੇ ਰਹਿਣਗੇ, ਉਨ੍ਹਾਂ ਦਾ ਨਿਰਪੱਖਤਾ ਨਾਲ ਬਿਨ੍ਹਾਂ ਕਿਸੇ ਸਿਆਸੀ ਭੇਦਭਾਵ ਤੋਂ ਹੱਲ ਕੀਤਾ ਜਾਵੇਗਾ। ਇਸ ਮੌਕੇ ਆਪ ਦੇ ਵੱਖ-ਵੱਖ ਵਿਧਾਇਕ, ਆਪ ਆਗੂ ਅਤੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਵੀ ਭਗਤ ਵੀ ਮੌਜੂਦ ਸਨ।