ਪੱਤਰ ਪ੍ਰੇਰਕ
ਰਾਮਾਂ ਮੰਡੀ, 21 ਫਰਵਰੀ
ਕੇਂਦਰ ਸਰਕਾਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆ ਵੱਲੋਂ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਕੀਤੀ ਗਈ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ’ਚ ਵਾਪਰੀਆਂ ਘਟਨਾਵਾਂ ਤਹਿਤ ਦਿੱਲੀ ਪੁਲੀਸ ਵੱਲੋਂ ਵੱਖ ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਕਰਕੇ ਗ੍ਰਿਫ਼ਤਾਰ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ 6 ਕਿਸਾਨਾਂ ਵਿੱਚੋਂ ਤਿੰਨ ਕਿਸਾਨਾਂ ਲਖਵੀਰ ਸਿੰਘ ਲੱਖਾ, ਸੰਦੀਪ ਸਿੰਘ ਅਤੇ ਸਿਮਰਜੀਤ ਸਿੰਘ ਮਾਨ ਨੂੰ ਅਦਾਲਤ ਵੱਲੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਤਿੰਨੇ ਕਿਸਾਨਾਂ ਦਾ ਅੱਜ ਪਿੰਡ ਪੁੱਜਣ ’ਤੇ ਪਿੰਡ ਦੇ ਗੁਰੂਘਰ ਵਿੱਚ ਇਂੱਕ ਸਾਦੇ ਸਮਾਗਮ ਦੌਰਾਨ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਪਿੰਡ ਪਰਤੇ ਕਿਸਾਨਾਂ ਨੇ ਦੱਸਿਆ ਕਿ 26 ਜਨਵਰੀ ਵਾਲੇ ਦਿਨ ਦਿੱਲੀ ਦੇ ਟਿਕਰੀ ਬਾਰਡਰ ਤੋਂ ਤਿੰਨ ਚਾਰ ਕਿਲੋਮੀਟਰ ਦੂਰੀ ਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟੜਾ ਦੇ ਕੁਝ ਕਿਸਾਨ ਦੁੱਖੀ ਹਾਲਤ ’ਚ ਮਿਲੇ ਸਨ, ਜਿਨ੍ਹਾਂ ਦਾ ਲੜਕਾ ਉੱਥੇ ਗੁਆਚ ਗਿਆ ਸੀ। ਉਨ੍ਹਾਂ ਦੀ ਮਦਦ ਲਈ ਉਹ ਪਿੰਡਾਂ ਆਸਾ ਬੁੱਟਰ ਤੇ ਕਾਉਣੀ ਪਿੰਡ ਦੇ ਕੁਝ ਲੋਕਾਂ ਸਣੇ ਨੇੜਲੇ ਥਾਣਾ ਨਾਗਲੋਈ ਵਿੱਚ ਗੁੰਮ ਹੋਏ ਲੜਕੇ ਦਾ ਪਤਾ ਕਰਨ ਗਏ ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਨੇੜਲੇ ਇੱਕ ਹੋਰ ਥਾਣਾ ਪੱਛਮੀ ਬਿਹਾਰ ਲੈ ਗਈ ਜਿਥੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।