ਜੋਗਿੰਦਰ ਸਿੰਘ ਮਾਨ
ਮਾਨਸਾ, 17 ਮਾਰਚ
ਦਿ ਰਾਇਲ ਗਰੁੱਪ ਆਫ਼ ਕਾਲਜਿਜ਼’ ਬੋੜਾਵਾਲ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿੱਤ ਦੋ ਰੋਜ਼ਾ ਅਥਲੈਟਿਕਸ ਮੀਟ ਕਰਵਾਈ ਗਈ. ਇਸ ਦੌਰਾਨ ਕਾਲਜ ਦੇ ਨੀਲਗਿਰੀ ਹਾਊਸ, ਹਿਮਾਲਿਆ ਹਾਊਸ, ਸ਼ਿਵਾਲਿਕ ਹਾਊਸ ਅਤੇ ਵਿਧਿਆਂਚਲ ਹਾਊਸ ਵਿਚਕਾਰ ਮੁਕਾਬਲੇ ਕਰਵਾਏ ਗਏ। ਐੱਸਡੀਐੱਮ ਬੁਢਲਾਡਾ ਕਾਲਾ ਰਾਮ ਕਾਂਸਲ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦਾ ਆਗਾਜ਼ ਕੀਤਾ। ਉਨ੍ਹਾਂ ਵੱਲੋਂ ਕਾਲਜ ਦੇ 20 ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮਾਰਚ ਪਾਸਟ ਤੋਂ ਉਪਰੰਤ ਸੰਦੀਪ ਸਿੰਘ, ਲਖਵਿੰਦਰ ਸਿੰਘ ਅਤੇ ਪੀਤੂ ਕੋਟੜਾ ਵਿਦਿਆਰਥੀਆਂ ਨੇ ਖੇਡ ਮਸ਼ਾਲ ਰੌਸ਼ਨ ਕੀਤੀ। ਕਾਲਜ ਦੇ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰੋ. ਹਰਵਿੰਦਰ ਸਿੰਘ ਨੇ ਦੱਸਿਆ ਕਿ ਬੈਸਟ ਅਥਲੀਟ (ਲੜਕਾ) ਲਖਵੀਰ ਸਿੰਘ ਅਤੇ ਬੈਸਟ ਅਥਲੀਟ (ਲੜਕੀ) ਗੁਰਪ੍ਰੀਤ ਕੌਰ ਪੀਤੂ ਚੁਣੇ ਗਏ ਅਤੇ ਬੈਸਟ ਹਾਊਸ ਦੀ ਟਰਾਫ਼ੀ ’ਤੇ ਵਿਧਿਆਂਚਲ ਹਾਊਸ ਨੇ ਕਬਜ਼ਾ ਕੀਤਾ।
ਇਸ ਮੌਕੇ ਏਕਮਜੀਤ ਸਿੰਘ ਸੋਹਲ, ਗੁਰਦੀਪ ਸਿੰਘ, ਚਮਕੌਰ ਸਿੰਘ, ਪ੍ਰੋ. ਮਨਜਿੰਦਰ ਸਿੰਘ ਅਤੇ ਪ੍ਰੋ. ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਟੀਪੀਡੀ ਮਾਲਵਾ ਕਾਲਜ ਵਿੱਚ ਅਥਲੈਟਿਕ ਮੀਟ ਸਮਾਪਤ
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿੱਚ ਸਰੀਰਕ ਸਿੱਖਿਆ ਵਿਭਾਗ ਦੀ ਰਹਿਨੁਮਾਈ ਵਿੱਚ ਕਰਵਾਈ ਗਈ ਦੋ ਰੋਜ਼ਾ ਅਥਲੈਟਿਕ ਮੀਟ ਸਮਾਪਤ ਹੋ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵੈਟਰਨਰੀ ਕਾਲਜ ਰਾਮਪੁਰਾ ਫੂਲ ਦੇ ਡੀਨ ਮਨੀਸ਼ ਚਾਟਲੀ ਪੁੱਜੇ। ਮਾਰਚ ਪਾਸਟ ਅਤੇ ਕੁੱਲ ਪ੍ਰਾਪਤੀਆਂ ਦੇ ਆਧਾਰ ’ਤੇ ਸ਼ਹੀਦ ਭਗਤ ਸਿੰਘ ਹਾਊਸ ਨੂੰ ਬੈਸਟ ਹਾਊਸ ਐਲਾਨਿਆ ਗਿਆ, ਜਦਕਿ ਬੈਸਟ ਅਥਲੀਟ ਦਾ ਖਿਤਾਬ ਕੁੜੀਆਂ ਵਿੱਚੋਂ ਕਿਰਨਜੀਤ ਕੌਰ ਅਤੇ ਮੁੰਡਿਆਂ ਵਿੱਚੋਂ ਦਿਲਪ੍ਰੀਤ ਸਿੰਘ ਨੂੰ ਪ੍ਰਾਪਤ ਹੋਇਆ। ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਕੌਮਾਂਤਰੀ ਪਾਵਰ ਲਿਫਟਰ ਇੰਦਰਜੀਤ ਸਿੰਘ ਫੂਲ ਅਤੇ ਮਾਨਸਾ ਵਿੱਚ ਐੱਸ.ਐੱਚ.ਓ. ਦੀ ਡਿਊਟੀ ਨਿਭਾ ਰਹੇ ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ।
ਸਰਕਾਰੀ ਸਕੂਲ ਛੱਤਿਆਣਾ ਵਿੱਚ ਅਥਲੈਟਿਕ ਮੀਟ
ਗਿੱਦੜਬਾਹਾ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਛੱਤਿਆਣਾ ਵਿੱਚ ਸਕੂਲ ਦੇ ਮੁੱਖ ਅਧਿਆਪਕ ਰਾਜਬੀਰ ਸਿੰਘ ਦੀ ਅਗਵਾਈ ਵਿੱਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਮੀਟ ਵਿੱਚ ਨਰੇਸ਼ ਕੁਮਾਰ ਬੀਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਗਿਲਜੇਵਾਲਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿਥੀ ਸਿੰਘ ਡੀਪੀਈ ਨੇ ਦੱਸਿਆ ਕਿ ਲੜਕਿਆਂ ਵਿੱਚੋਂ ਗੁਰਮੀਤ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਲੜਕੀਆਂ ਵਿੱਚੋਂ ਰਿੰਪਲ ਕੌਰ ਪੁੱਤਰੀ ਵਕੀਲ ਸਿੰਘ ਨੂੰ ਬੈਸਟ ਅਥਲੀਟ ਐਲਾਨਿਆ ਗਿਆ।