ਪੱਤਰ ਪ੍ਰੇਰਕ
ਭੁੱਚੋ ਮੰਡੀ, 20 ਅਪਰੈਲ
ਲੱਖਾ ਸਿਧਾਣਾ ਦੀ ਪੰਜ ਮੈਂਬਰੀ ਟੀਮ ਨੇ ਅੱਜ ਇਥੇ ਬੱਸ ਅੱਡੇ ’ਚ ਚਿੱਟਾ ਵੇਚ ਰਹੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਉਹ ਪੰਜ ਸੌ ਰੁਪਏ ਵਿੱਚ ਚਿੱਟੇ ਦੀ ਇੱਕ ਬਿੱਟ ਵੇਚ ਰਿਹਾ ਸੀ। ਜਿਸ ਨੂੰ ਟੀਮ ਨੇ ਬਿੱਟ ਤੇ ਪੰਜ ਸੌ ਰੁਪਏ ਦੇ ਨੋਟ ਸਣੇ ਕਾਬੂ ਕਰ ਲਿਆ। ਉਨ੍ਹਾਂ ਉਸ ਵਿਅਕਤੀ ਨੂੰ ਗੱਡੀ ’ਚ ਬਿਠਾ ਕੇ ਮੁੱਢਲੀ ਪੁੱਛਗਿੱਛ ਕੀਤੀ ਤੇ ਇਸ ਘਟਨਾਕ੍ਰਮ ਦੀ ਵੀਡੀਓ ਫੇਸਬੁੱਕ ’ਤੇ ਪਾਈ। ਜਿਸ ਵਿੱਚ ਉਸ ਨੇ ਮੰਨਿਆ ਕਿ ਸ਼ਹਿਰ ’ਚ ਚਿੱਟਾ ਸ਼ਰ੍ਹੇਆਮ ਵਿਕ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਕਥਿਤ ਤੌਰ ’ਤੇ ਚੱਕਾਂ ਦੇ ਜੈਲੇ ਲਈ ਕੰਮ ਕਰ ਰਿਹਾ ਹੈ। ਇੱਕ ਹੋਰ ਨਸ਼ਿਆਂ ਦੇ ਸੌਦਾਗਰ ਬਾਰੇ ਉਸ ਨੇ ਦੱਸਿਆ ਕਿ ਉਹ ਵੀ ਸ਼ਹਿਰ ’ਚ ਸ਼ਰ੍ਹੇਆਮ ਭੁੱਕੀ ਪੋਸਤ ਤੇ ਚਿੱਟਾ ਵੇਚ ਰਿਹਾ ਹੈ। ਟੀਮ ਇਸ ਵਿਅਕਤੀ ਨੂੰ ਲੈ ਕੇ ਲੱਖਾ ਸਿਧਾਨਾ ਵੱਲ ਰਵਾਨਾ ਹੋ ਗਈ। ਇਸ ਟੀਮ ਦੀ ਅਗਵਾਈ ਕਰ ਰਹੇ ਰਾਜ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਚਿੱਟੇ ਤੋਂ ਦੁਖੀ ਇੱਕ ਪਰਿਵਾਰ ਲੱਖਾ ਸਿੰਘ ਸਿਧਾਨਾ ਕੋਲ ਪਹੁੰਚਿਆ ਸੀ ਤੇ ਚਿੱਟੇ ਦੇ ਵਪਾਰੀਆਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਸੀ। ਜਿਸ ਆਧਾਰ ’ਤੇ ਉਨ੍ਹਾਂ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਆਪਣਾ ਫੋਨ ਨੰਬਰ 98763-03343 ਵੀ ਦਿੱਤਾ, ਤਾਂ ਜੋ ਨਸ਼ਿਆਂ ਦੇ ਵਪਾਰੀਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ।