ਪੱਤਰ ਪ੍ਰੇਰਕ
ਸ਼ਹਿਣਾ, 12 ਜੂਨ
ਸਮਾਜ ਸੇਵੀ ਲੱਖਾ ਸਿਧਾਣਾ ਨੇ ਲੋਕ ਸਭਾ ਹਲਕੇ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਕਸਬਾ ਸ਼ਹਿਣਾ ਵਿੱਚ ਚੋਣ ਪ੍ਰਚਾਰ ਕੀਤਾ। ਇੱਥੇ ਮੁੱਖ ਬਾਜ਼ਾਰ ਵਿੱਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਫੋਕੇ ਦਿਖਾਵੇ ਕੀਤੇ ਜਾ ਰਹੇ ਹਨ, ਕਿਉਂਕਿ ਜਦ ਇਹ ਸਤਾ ਵਿੱਚ ਸਨ, ਉਸ ਸਮੇਂ ਇਨ੍ਹਾਂ ਨੂੰ ਕਿਸੇ ਬੰਦੀ ਸਿੰਘ ਦੀ ਯਾਦ ਨਹੀਂ ਆਈ।
ਉਨ੍ਹਾਂ ਕਿਹਾ ਕਿ ਝਾੜੂ ਵਾਲੇ ਮੌਕਾ ਦਿਓ ਦਾ ਨਾਅਰਾ ਦੇ ਕੇ ਪੰਜਾਬੀਆਂ ਨੂੰ ਬੁੱਧੂ ਬਣਾ ਗਏ। ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਪੰਜਾਬੀਆਂ ਦਾ ‘ਆਪ’ ਤੋਂ ਮੋਹ ਭੰਗ ਹੋ ਗਿਆ ਹੈ। ਪੰਜਾਬ ਦੇ ਮਾੜੇ ਹਾਲਾਤਾਂ ਲਈ ਵੀ ‘ਆਪ’ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਿਰਮਨਜੀਤ ਸਿੰਘ ਮਾਨ ਹੀ ਪੰਜਾਬੀ ਮਾਂ-ਬੋਲੀ, ਵਾਤਾਵਰਨ, ਪੰਜਾਬ ਦੇ ਪਾਣੀਆਂ, ਪੰਜਾਬ ਦੀ ਜਵਾਨੀ ਅਤੇ ਹੋਰ ਮੁੱਦੇ ਲੋਕ ਸਭਾ ਵਿੱਚ ਉਠਾ ਸਕਦੇ ਹਨ। ਉਨ੍ਹਾਂ ਨੇ ਸ਼ਹਿਣਾ ਵਾਸੀਆਂ ਤੋਂ ਸਿਮਰਨਜੀਤ ਸਿੰਘ ਮਾਨ ਲਈ ਵੋਟਾਂ ਮੰਗੀਆਂ। ਇਸ ਮੌਕੇ ਬਾਬਾ ਨਿਰਮਲ ਸਿੰਘ, ਗੁਰਜੀਤ ਸਿੰਘ, ਬੇਅੰਤ ਸਿੰਘ ਸਰ੍ਹਾਂ ਆਦਿ ਹਾਜ਼ਰ ਸਨ।