ਪੱਤਰ ਪ੍ਰੇਰਕ
ਫਾਜ਼ਿਲਕਾ, 1 ਜੁਲਾਈ
ਜ਼ਿਲ੍ਹੇ ਦੇ ਪਿੰਡ ਘੁਬਾਇਆ ਅਤੇ ਭੰਬਾ ਵੱਟੂ ਦੇ ਖੇਤਾਂ ’ਚੋਂ ਲੰਘਣ ਵਾਲੀ ਲਾਧੂਕਾ ਮਾਈਨਰ 15 ਦਿਨਾਂ ਦੌਰਾਨ ਤੀਜੀ ਵਾਰ ਟੁੱਟਣ ’ਤੇ ਗੁੱਸੇ ’ਚ ਆਏ ਕਿਸਾਨਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਇਹ ਨਹਿਰ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੀ ਹੈ ਅਤੇ ਬੀਤੀ 21 ਤੇ 25 ਜੂਨ ਨੂੰ 154 ਨੰ. ਬੁਰਜੀ ਤੋਂ ਟੁੱਟੀ ਸੀ, ਜਿਸ ਕਾਰਨ ਕਿਸਾਨਾਂ ਵੱਲੋਂ ਲਾਇਆ ਝੋਨਾ ਡੁੱਬ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਮੁੜ ਝੋਨਾ ਲਾਇਆ ਅਤੇ ਅੱਜ ਫਿਰ ਤਕਰੀਬਨ 70-80 ਕਿੱਲੇ ਫ਼ਸਲ ਤਬਾਹ ਹੋ ਗਈ। ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਸਬੰਧੀ ਜਦੋਂ ਜਲਾਲਾਬਾਦ ਦੇ ਤਹਿਸੀਲਦਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਜਿਨ੍ਹਾਂ ਕਿਸਾਨਾਂ ਨੂੰ ਇਕ ਘੰਟੇ ਅੰਦਰ ਨਹਿਰ ’ਚ ਪਿਆ ਪਾੜ ਭਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।