ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਪਰੈਲ
ਸ਼ਹਿਰ ਵਿੱਚ ਸਫ਼ਾਈ ਦਾ ਹਾਲ ਬਦਲੇ ਹੋਈ ਸਿਆਸੀ ਸਮੀਕਰਨਾਂਂ ਤੋਂ ਬਾਅਦ ਵੀ ਨਹੀਂ ਬਦਲਿਆ ਹੈ। ਜਿਹੜੇ ਸ਼ਹਿਰ ਵਿੱਚ ਪਹਿਲਾਂ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ’ਚ ਮੇਲਦਾ ਫਿਰਦਾ ਸੀ, ਉੱਥੇ ਹੁਣ ਵੀ ਉਹੀ ਹਾਲ ਹੈ, ਜਦੋਂਕਿ ਜਿਸ ਹਿੱਸੇ ਵਿੱਚ ਸੜਕਾਂ ’ਤੇ ਗੰਦਗੀ ਦੇ ਢੇਰਾਂ ਕੋਲੋਂ ਪਹਿਲਾਂ ਲੰਘਿਆ ਨਹੀਂ ਸੀ ਜਾਂਦਾ, ਹੁਣ ਉਹ ਢੇਰ ਮੁੜ ਲੋਕਾਂ ਲਈ ਸਿਰਦਰਦੀ ਬਣੇ ਹੋਏ ਹਨ।
ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਡਿਪਟੀ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨੂੰ ਸ਼ਹਿਰ ਦੀ ਸਫ਼ਾਈ ਅਤੇ ਬੰਦ ਹੋਏ ਸੀਵਰੇਜ ਦੇ ਪ੍ਰਬੰਧਾਂ ਨੂੰ ਦਰੁੱਸਤ ਕਰਨ ਦੇ ਦਿੱਤੇ ਗਏ ਆਦੇਸ਼ਾਂ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਨੇ ਕਾਰਜਸਾਧਕ ਅਫ਼ਸਰਾਂ ਸਮੇਤ ਹੋਰ ਅਧਿਕਾਰੀਆਂ ਦੀ ਬਾਕਾਇਦਾ ਕਲਾਸ ਲਾਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀ ਸਫ਼ਾਈ ਦੇ ਮਾੜੇ ਹਾਲ ਬਾਰੇ ਕੋਈ ਗੱਲ ਨਹੀਂ ਸੁਣੀ ਜਾਵੇਗੀ ਅਤੇ ਇਸ ਲਈ ਬਾਕਾਇਦਾ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੀ ਹੋਵੇਗੀ। ਇਸ ਤੋਂ ਪਹਿਲਾਂ ਐਕਸੀਅਨ ਸੀਵਰੇਜ ਬੋਰਡ ਸਤਵਿੰਦਰ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਨਿਰੰਕਾਰੀ ਰੋਡ ਤੋਂ ਸ਼ਮਸ਼ਾਨ ਘਾਟ ਰੋਡ ਤੱਕ 2 ਦਿਨਾਂ ’ਚ ਕੰਮ ਸ਼ੁਰੂ ਕਰਵਾ ਕੇ ਮੇਨ ਸੀਵਰ ਦੀ ਸੁਪਰਸੱਕਸ਼ਨ ਮਸ਼ੀਨ ਨਾਲ ਸਫ਼ਾਈ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਮੇਨ ਸੀਵਰੇਜ ਦੀ ਸਫ਼ਾਈ ਹੋਣ ਨਾਲ ਲੱਲੂਆਣਾ ਰੋਡ ਤੋਂ 33 ਫੁੱਟ ਰੋਡ ਤੇ ਸੀਵਰੇਜ ਦੇ ਓਵਰਫਲੋਅ ਦੀ ਸਮੱਸਿਆ ਨਾਲ ਲੋਕਾਂ ਨੂੰ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਹੋਰ ਲੋੜੀਂਦੇ ਸਾਧਨਾਂ ਨਾਲ ਛੋਟੀਆਂ ਲਾਈਨਾਂ ਦੀ ਸਫ਼ਾਈ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸਫ਼ਾਈ ਦੇ ਮਾੜੇ ਪ੍ਰਬੰਧਾਂ ਕਾਰਨ ਡੇਂਗੂ ਤੇ ਮਲੇਰੀਆ ਫੈਲਣ ਤੋਂ ਰੋਕਣ ਲਈ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਸਮੇਂ-ਸਮੇਂ ਵੱਧ ਤੋਂ ਵੱਧ ਫੌਗਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਫੌਗਿੰਗ ਕਰਨ ਵਾਲੇ ਕਰਮਚਾਰੀਆਂ ਵੱਲੋਂ ਸਬੰਧਤ ਇਲਾਕੇ ਦੀਆਂ ਫੋਟੋਆ ਭੇਜਣੀਆਂ ਯਕੀਨੀ ਬਣਾਈਆਂ ਜਾਣ। ਇਸਦੌਰਾਨ ਉਨ੍ਹਾਂ ਸਮੂਹ ਐੱਸਡੀਐੱਮਜ਼ ਨੂੰ ਆਪੋ-ਆਪਣੀ ਸਬ ਡਿਵੀਜ਼ਨ ਵਿੱਚ ਡੇਂਗੂ ਤੋਂ ਬਚਾਅ ਲਈ ਕੀਤੀ ਜਾ ਰਹੀ ਫੌਗਿੰਗ ਬਾਰੇ ਆਪਣੇ ਪੱਧਰ ’ਤੇ ਜਾਇਜ਼ਾ ਲੈਣ ਦੇ ਆਦੇਸ਼ ਦਿੱਤੇ।
ਉਨ੍ਹਾਂ ਸ਼ਹਿਰਾਂ ਵਿੱਚ ਬਣੇ ਹੋਏ ਪਾਰਕਾਂ ਦੀ ਸੁੰਦਰਤਾ ਅਤੇ ਉਨ੍ਹਾਂ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਾਉਣ ਦੇ ਨਾਲ-ਨਾਲ ਆਲੇ-ਦੁਆਲੇ ਅਤੇ ਹਰੇਕ ਸ਼ਹਿਰ ਦੀ ਗਲੀਆਂ ਸਮੇਤ ਸੜਕਾਂ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਣ ਦੇ ਆਦੇਸ਼ ਜਾਰੀ ਕੀਤੇ।