ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਗਸਤ
ਇਥੇ ਪਾਸੇ ਜਿਥੇ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲ੍ਹਣ ਵਿੱਚ ਉਲਝੀ ਹੋਈ ਹੈ, ਉਧਰ, ਮਾਨਸਾ ਜ਼ਿਲ੍ਹੇ ਵਿੱਚ ਸਥਿਤ ਸਿਵਲ ਹਸਪਤਾਲ ਵਿੱਚ ਡਾਕਟਰਾਂ ਤੇ ਸਟਾਫ਼ ਨਰਸਾਂ ਦੀ ਵੱਡੀ ਘਾਟ ਹੈ। ਸਰਕਾਰ ਵੱਲੋਂ ਭਾਵੇਂ ਲੋਕਾਂ ਦੇ ਇਲਾਜ ਲਈ ਹਰ ਹਸਪਤਾਲ ’ਚ ਡਾਕਟਰ, ਸਟਾਫ਼ ਨਰਸਾਂ ਤੇ ਸਿਹਤ ਸਹੂਲਤਾਂ ਪਹਿਲ ਦੇ ਆਧਾਰ ’ਤੇ ਉਪਲਬੱਧ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਉਂਦੇ ਲੋਕ ਖੁਆਰ ਹੋ ਰਹੇ ਹਨ।
ਇਸ ਹਸਪਤਾਲ ਵਿੱਚ ਰੋਜ਼ਾਨਾ ਇਲਾਕੇ ਦੇ ਪਿੰਡਾਂ ’ਚੋਂ ਵੱਡੀ ਗਿਣਤੀ ਵਿੱਚ ਲੋਕ ਇਲਾਜ ਲਈ ਆਉਂਦੇ ਹਨ। ਉਨ੍ਹਾਂ ਨੂੰ ਹਸਪਤਾਲ ’ਚ ਲੰਬਾ ਸਮਾਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਹੈ। ਇਥੇ ਅਲਟਰਾਸਾਊਂਡ ਮਾਹਿਰ ਨਾ ਹੋਣ ਕਾਰਨ ਮਜ਼ਬੂਰਨ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਰੇਟ ’ਤੇ ਅਲਟਰਾਸਾਊਂਡ ਕਰਵਾਉਣੇ ਪੈਂਦੇ ਹਨ। ਜ਼ੱਚਾ ਬੱਚਾ ਵਿਭਾਗ ਦੀ ਉਪਰਲੀ ਮੰਜ਼ਿਲ ’ਤੇ ਅਧਿਕਾਰੀਆਂ ਵੱਲੋਂ ਕਮਰੇ ਬੰਦ ਰੱਖੇ ਜਾਂਦੇ ਹਨ, ਜਦੋਂ ਕਿ ਜਣੇਪੇ ਲਈ ਆਉਣ ਵਾਲੀਆਂ ਔਰਤਾਂ ਨੂੰ ਹੇਠਲੀ ਮੰਜ਼ਿਲ ’ਤੇ ਦਰਵਾਜ਼ੇ ਦੇ ਨਾਲ ਹੀ ਮੰਜਿਆਂ ’ਤੇ ਪਾਇਆ ਜਾਂਦਾ ਹੈ। ਮਰੀਜ਼ਾਂ ਦੇ ਨਾਂਲ ਆਉਂਦੇ ਲੋਕਾਂ ਨੂੰ ਵੀ ਕਾਫ਼ੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਕਟਰਾਂ ਵੱਲੋਂ ਇਸ ਦਾ ਕਾਰਨ ਸਟਾਫ਼ ਨਰਸਾਂ ਦੀ ਘਾਟ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਐਮਰਜੈਂਸੀ ਮੈਡੀਕਲ ਅਫ਼ਸਰਾਂ ਦੀਆਂ ਮਨਜ਼ੂਰਸ਼ੁਦਾ 10 ਅਸਾਮੀਆਂ ਹਨ, ਜਿਨਾਂ ’ਚੋਂ 5 ਲੰਬੇ ਸਮੇਂ ਤੋਂ ਖਾਲੀ ਹਨ। ਮਾਹਿਰ ਡਾਕਟਰਾਂ ਦੀਆਂ 31 ’ਚੋਂ 10 ਅਸਾਮੀਆਂ ਖਾਲੀ ਪਈਆਂ ਹਨ। ਮੈਡੀਸਨ ਦਾ ਇਥੇ ਕੋਈ ਡਾਕਟਰ ਨਹੀਂ ਹੈ। ਇਸੇ ਤਰ੍ਹਾਂ ਰੇਡੀਓਲੋਜਿਸਟ, ਬੀਟੀਓ ਦੀਆਂ ਪੋਸਟਾਂ ਵੀ ਖਾਲੀ ਹਨ। ਸਿਵਲ ਸਰਜਨ ਦਫ਼ਤਰ ’ਚ ਪ੍ਰੋਗਰਾਮ ਅਫ਼ਸਰਾਂ ਦੀਆਂ 7 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 6 ਖਾਲੀ ਪਈਆਂ ਹਨ, ਜਦੋਂ ਕਿ ਸਟਾਫ਼ ਨਰਸਾਂ ਦੀਆਂ 38 ਅਸਾਮੀਆਂ ਖਾਲੀ ਪਈਆਂ ਹਨ।
ਸਟਾਫ਼ ਦੀ ਘਾਟ ਬਾਰੇ ਸਿਹਤ ਵਿਭਾਗ ਨੂੰ ਲਿਖਿਆ ਗਿਆ ਹੈ: ਸਿਵਲ ਸਰਜਨ
ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਡਾਕਟਰਾਂ ਅਤੇ ਸਟਾਫ਼ ਨਰਸਾਂ ਦੀ ਘਾਟ ਬਾਰੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਜਲਦੀ ਹੀ ਸਟਾਫ਼ ਪੂਰਾ ਹੋ ਜਾਵੇਗਾ।