ਇਕਬਾਲ ਸਿੰਘ ਸ਼ਾਂਤ
ਲੰਬੀ, 15 ਨਵੰਬਰ
ਲੰਬੀ ਹਲਕੇ ’ਚ ਡੀਏਪੀ ਖਾਦ ਦੀ ਕਿੱਲਤ ਨੇ ਕਣਕ ਉਤਪਾਦਕ ਕਿਸਾਨਾਂ ਲਈ ਇਫ਼ਕੋ ਖਾਦ ਵੰਡ ਕੇਂਦਰਾਂ ਅਤੇ ਖਾਦ ਡੀਲਰ ਦੁਕਾਨਾਂ ਮੂਹਰੇ ‘ਮੱਥਾ’ ਟੇਕਣ ਵਾਲੇ ਹਾਲਾਤ ਬਣਾ ਦਿੱਤੇ ਹਨ। ਸਿਆਸੀ ਪਿੰਡ ਬਾਦਲ ਵਿਖੇ ਇਫ਼ਕੋ ਖਰੀਦ ਕੇਂਦਰ ਮੂਹਰੇ ਬੀਤੀ ਰਾਤ ਤੋਂ ਕਤਾਰਾਂ ’ਚ ਲੱਗਣ ਦੇ ਬਾਵਜੂਦ ਅੱਠ ਸੌ ਕਿਸਾਨਾਂ ਵਿੱਚੋਂ ਮੁਸ਼ਕਲ ਨਾਲ ਚਾਰ ਸੌ ਕਿਸਾਨਾਂ ਨੂੰ ਤਿੰਨ ਥੈਲੇ ਡੀਏਪੀ ਖਾਦ ਮਿਲ ਸਕੀ। ਮੰਡੀ ਕਿੱਲਿਆਂਵਾਲੀ ਵਿੱਚ ਡੀਏਪੀ ਖਾਦ ਨਾ ਹੋਣ ਕਰਕੇ ਕਰੀਬ ਸਵਾ ਸੌ ਕਿਸਾਨ ਇੱਕ ਨਿੱਜੀ ਖਾਦ ਡੀਲਰ ਦੀ ਦੁਕਾਨ ਮੂਹਰੇ ਘੰਟਿਆਂਬੱਧੀ ਬੈਠ ਕੇ ਖਾਲੀ ਹੱਥ ਪਰਤ ਗਏ। ਪਿੰਡ ਬਾਦਲ ਵਿੱਚ ਇਫ਼ਕੋ ਕਿਸਾਨ ਸੇਵਾ ਕੇਂਦਰ ’ਤੇ ਲੰਬੀ ਹਲਕੇ ਤੇ ਸੰਗਤ ਦਿਹਾਤੀ ਦੇ ਬਹੁਗਿਣਤੀ ਪਿੰਡਾਂ ਭੀਟੀਵਾਲਾ, ਖੁੱਡੀਆਂ, ਖਿਉਵਾਲੀ, ਘੁੱਦਾ, ਫੁੱਲੂਖੇੜਾ, ਮਹਿਣਾ ਪਿੰਡਾਂ ਦੇ ਸੈਂਕੜੇ ਕਿਸਾਨ ਡੀਏਪੀ ਲਈ ਕਤਾਰਾਂ ’ਚ ਖੜ੍ਹੇ ਤਰਲੇ ਭਰਦੇ ਵੇਖੇ ਗਏ। ਇਫ਼ਕੋ ਕੇਂਦਰ ’ਤੇ ਵੰਡ ਸੁਚੱਜੀ ਬਣਾਉਣ ਲਈ ਏਡੀਓ ਜਗਜੀਤ ਸਿੰਘ ਅਤੇ ਪੁਲੀਸ ਵੀ ਤਾਇਨਾਤ ਰਹੀ। ਬਾਦਲ ਇਫ਼ਕੋ ਕੇਂਦਰ ਦੇ ਡੀਐੱਮ ਗੁਰਚਰਨ ਸਿੰਘ ਨੇ ਕਿਹਾ ਕਿ ਅੱਜ ਦੋ ਹਜ਼ਾਰ ਗੱਟਿਆਂ ਦਾ ਸਟਾਕ ਆਉਣਾ ਹੈ। ਜਿਸ ਵਿੱਚ ਕਰੀਬ 12-13 ਸੌ ਗੱਟੇ ਪੁੱਜੇ ਹਨ। ਦੋ ਪ੍ਰਮੁੱਖ ਨਿੱਜੀ ਕੰਪਨੀਆਂ ਦੇ ਡੀਲਰ ਕਿਸਾਨ ਸੇਵਾ ਕੇਂਦਰ ਦੇ ਮਾਲਕ ਭੁਪਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਹੁਣ ਰੈਲਵੇ ਟਰੈਕ ਖਾਲੀ ਨਾ ਮਿਲਣ ਕਰਕੇ ਖਾਦ ਦਾ ਸਟਾਕ ਜੋਧਪੁਰ ਰੁਕਿਆ ਹੋਇਆ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਨੇ ਮੰਨਿਆ ਕਿ 35 ਫ਼ੀਸਦੀ ਘੱਟ ਆਮਦ ਕਾਰਨ ਕਿੱਲਤ ਵਧੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਚਐਸ ਸੂਦਨ ਨੇ ਕਿਹਾ ਕਿ ਡੀਏਪੀ ਦੀ ਕਿੱਲਤ ਪਿੱਛਿਓਂ ਹੀ ਬਣੀ ਹੋਈ ਹੈ। ਫਿਰ ਵੀ ਕਿਸਾਨਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੂੰ ਅੱਜ ਫਿਰ ਪ੍ਰਬੰਧਾਂ ਤੋਂ ਹੋਰ ਚੌਕਸ ਬਣਾਉਣ ਲਈ ਨਿਰਦੇਸ਼ ਦਿੱਤੇ ਸਨ।
ਮੋਗਾ( ਮਹਿੰਦਰ ਸਿੰਘ ਰੱਤੀਆਂ): ਕਿਸਾਨਾਂ ਦੀਆਂ ਖਾਦ ਲਈ ਤੜਕਸਾਰ ਹੀ ਇਫ਼ਕੋ ਤੇ ਹੋਰ ਕੇਂਦਰਾਂ ਅੱਗੇ ਕਤਾਰਾਂ ਲਗ ਜਾਂਦੀਆਂ ਹਨ। ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਜਨਰਲ ਸਕੱਤਰ ਗੁਲਜ਼ਾਰ ਸਿੰਘ ਘੱਲਕਲਾਂ ਅਤੇ ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਨੇ ਡੀਏਪੀ ਦੀ ਕਮੀ ਨੂੰ ਸੂਬਾ ਸਰਕਾਰ ਦੀ ਨਲਾਇਕੀ ਆਖਦੇ ਹੋਏ ਕਿਹਾ ਕਿ ਸੂਬੇ ਅੰਦਰ ਡੀਏਪੀ ਦੀ ਭਾਰੀ ਕਮੀ ਪੈਦਾ ਹੋ ਗਈ ਹੈ। ਕਣਕ ਅਤੇ ਆਲੂਆਂ ਦੀ ਬਿਜਾਈ ਲਈ ਡੀਏਪੀ ਖਾਦ ਲੈਣ ਖਾਤਰ ਕਿਸਾਨ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਪ੍ਰਾਈਵੇਟ ਵਪਾਰੀ ਡੀਏਪੀ ਖਾਦ ਦੇ ਥੈਲੇ ਨਾਲ ਹੋਰ ਸਾਮਾਨ ਖ਼ਰੀਦਣ ਲਈ ਕਿਸਾਨਾਂ ਨੂੰ ਮਜਬੂਰ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਡੀਸੀ ਤੇ ਹੋਰ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਮਿਲੇ ਸਨ ਤਾਂ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਡੀਏਪੀ ਖਾਦ ਪਹੁੰਚ ਜਾਵੇਗੀ ਪਰ ਹੁਣ ਤੱਕ ਵੀ ਕਿਸਾਨ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮਸਲੇ ਦਾ ਹੱਲ ਨਾ ਕੀਤਾ ਤਾਂ ਕਿਸਾਨਾਂ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਘਿਰਾਓ ਕੀਤਾ ਜਾਵੇਗਾ ਅਤੇ ਧਰਨੇ ਦਿੱਤੇ ਜਾਣਗੇ।
ਰੋਜ਼ਾਨਾ ਦੁਕਾਨਾਂ ਤੋਂ ਖੱਜਲ-ਖੁਆਰ ਹੋ ਕੇ ਘਰਾਂ ਨੂੰ ਪਰਤਦੇ ਨੇ ਕਿਸਾਨ
ਸਿਰਸਾ (ਪ੍ਰਭੂ ਦਿਆਲ): ਕਿਸਾਨਾਂ ਲਈ ਡੀਏਪੀ ਖਾਦ ਦੀ ਸਮੱਸਿਆ ਘਟਣ ਦਾ ਨਾਂ ਨਹੀਂ ਲੈ ਰਹੀ। ਖਾਦ ਲਈ ਕਿਸਾਨ ਸਵੱਖਤੇ ਚਾਰ ਵਜੇ ਕਤਾਰਾਂ ’ਚ ਲੱਗਦੇ ਹਨ ਤੇ ਸ਼ਾਮ ਕੁਝ ਕੁ ਹੀ ਕਿਸਾਨਾਂ ਨੂੰ ਖਾਦ ਮੁਹੱਈਆ ਹੁੰਦੀ ਹੈ। ਅਨਾਜ ਮੰਡੀ ਖਾਦ ਦੇ ਡੀਲਰ ਦੀ ਦੁਕਾਨ ਅੱਗੇ ਖਾਦ ਲੈਣ ਲਈ ਕਿਸਾਨਾਂ ਨੇ ਦੱਸਿਆ ਹੈ ਕਿ ਉਹ ਪਿਛਲੇ ਦਸ ਦਿਨਾਂ ਤੋਂ ਖਾਦ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ। ਪਹਿਲਾਂ ਪਰਚੀਆਂ ਲੈਣ ਲਈ ਜੱਦੋ ਜਹਿਦ ਕਰਨੀ ਪੈਂਦੀ ਹੈ ਤੇ ਬਾਅਦ ਵਿੱਚ ਖਾਦ ਲਈ। ਜਿਹੜੇ ਕਿਸਾਨਾਂ ਨੂੰ ਵੀਹ ਥੈਲਿਆਂ ਦੀ ਲੋੜ ਹੈ, ਉਸ ਨੂੰ ਪੰਜ ਹੀ ਦਿੱਤੇ ਜਾ ਰਹੇ ਹਨ। ਪਿੰਡ ਚਾਮਲ ਦੇ ਕਿਸਾਨ ਰਾਕੇਸ਼, ਪਿੰਡ ਜੀਵਨ ਨਗਰ ਦੇ ਕਿਸਾਨ ਹੀਰਾ ਸਿੰਘ ਤੇ ਹਰਵੇਲ ਸਿੰਘ ਨੇ ਦੱਸਿਆ ਹੈ ਕਿ ਐਤਕੀਂ ਤਾਂ ਡੀਏਪੀ ਖਾਦ ਕਿਸਾਨਾਂ ਲਈ ਸਿਰਦਰਦੀ ਬਣ ਗਈ ਹੈ। ਡੀਏਪੀ ਖਾਦ ਦੇ ਨਾਲ ਕੁਝ ਦੁਕਾਨਦਾਰਾਂ ਵੱਲੋਂ ਬੇਲੋੜਾ ਸਾਮਾਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਲੋੜੀਂਦੀ ਡੀਏਪੀ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਸਮੇਂ ਸਿਰ ਹਾੜ੍ਹੀ ਦੀ ਬੀਜਾਈ ਕਰ ਸਕਣ।