ਪੱਤਰ ਪ੍ਰੇਰਕ
ਮਾਨਸਾ/ਝੁਨੀਰ, 10 ਜੂਨ
ਮਾਨਸਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦੇ ਇੱਕ ਮਜ਼ਦੂਰ ਨਿਰਮਲ ਸਿੰਘ ਨਿੰਮਾ (60) ਪੁੱਤਰ ਆਤਮਾ ਸਿੰਘ ਦੀ ਖੂਹ ’ਚੋਂ ਇੱਟਾਂ ਕੱਢਣ ਸਮੇਂ ਢਿੱਗ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਚਚੋਹਰ ਦੇ ਕਿਸਾਨ ਅਜੈਬ ਸਿੰਘ ਦੇ ਖੇਤ ਪੁਰਾਣੇ ਖੂਹ ’ਚੋਂ ਤਿੰਨ ਮਜ਼ਦੂਰ ਇੱਟਾਂ ਕੱਢ ਰਹੇ ਸਨ, ਜਦੋਂ ਦੋ ਮਜ਼ਦੂਰ ਪਾਣੀ ਪੀਣ ਲਈ ਬਾਹਰ ਨਿਕਲੇ ਤਾਂ ਅਚਾਨਕ ਢਿੱਗ ਡਿੱਗਣ ਕਾਰਨ ਨਿਰਮਲ ਸਿੰਘ ਮਿੱਟੀ ਹੇਠ ਦੱਬ ਗਿਆ। ਪਤਾ ਲੱਗਦਿਆਂ ਸਾਰ ਹੀ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਤਿੰਨ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਨਿਰਮਲ ਸਿੰਘ ਨੂੰ ਬਾਹਰ ਕੱਢ ਲਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਿਹਤ ਵਿਭਾਗ ਵੱਲੋਂ ਵੀ ਐਂਬੂਲੈਂਸ ਦਾ ਮੌਕੇ ’ਤੇ ਪ੍ਰਬੰਧ ਕੀਤਾ ਹੋਇਆ ਸੀ। ਮਜ਼ਦੂਰ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ ਹੈ। ਉਧਰ ਕਿਸਾਨ ਆਗੂਆਂ ਅਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿ੍ਤਕ ਦੇ ਪਰਿਵਾਰ ਨੂੰ ਆਰਥਿਕ ਮੱਦਦ ਦਿੱਤੀ ਜਾਵੇ।