ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 10 ਮਈ
ਇੱਥੋਂ ਦੇ ਸਿਵਲ ਹਸਪਤਾਲ ਵਿੱਚ 50 ਬਿਸਤਰਿਆਂ ਦੇ ਕੋਵਿਡ ਕੇਅਰ ਸੈਂਟਰ ਦੀ ਸ਼ੁਰੂਆਤ ਹੋਈ।
ਇਸ ਮੌਕੇ ਪੁੱਜੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੋਵਿਡ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਸ਼ਿਕਾਇਤ ਜਾਂ ਸੁਝਾਅ ਲਈ ਸਿਵਲ ਹਸਪਤਾਲ ਵਿੱਚ ਹੈਲਪ ਡੈਸਕ ਵੀ ਸਥਾਪਿਤ ਕੀਤਾ। ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਕਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲ ਵਿੱਚ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਜੇਕਰ ਕੋਈ ਕਮੀ ਬਾਕੀ ਰਹੀ ਤਾਂ ਉਸ ਨੂੰ ਵੀ ਕੁਝ ਦਿਨਾਂ ਅੰਦਰ ਪੂਰਾ ਕਰ ਲਿਆ ਜਾਵੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਮੁਸ਼ਕਲ ਜਾਂ ਸੁਝਾਅ ਲਈ ਡਾ. ਪਰਵਜੀਤ ਸਿੰਘ ਗੁਲਾਟੀ ਨਾਲ 88242-0005 ਤੋਂ ਇਲਾਵਾ ਡਾ. ਧਰਿੰਦਰ ਗਰਗ 99888-95232, ਨਰਿੰਦਰ ਮੁੰਜਾਲ ਪ੍ਰਧਾਨ ਨਗਰ ਕੌਂਸਲ ਨਾਲ 70095-30984, ਜਸਵਿੰਦਰ ਸਿੰਘ 99885-09200, ਕੋਟਰੋਲ ਰੂਮ ਐਸ.ਡੀ.ਐਮ. ਦਫ਼ਤਰ 90417-04044, ਕੋਵਿਡ ਮਰੀਜ਼ਾਂ ਦੇ ਲੰਗਰ ਲਈ 70091-37060, ਐਂਬੂਲੈਂਸ ਲਈ ਰਾਹਤ ਫਾਊਂਡੇਸ਼ਨ ਨਾਲ 90417-07200, ਵਿਵੇਕ ਆਸ਼ਰਮ ਨਾਲ 99145-75088 ਅਤੇ ਰੈੱਡ ਕਰਾਸ ਦਫ਼ਤਰ ਨਾਲ 62809-91512 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ.ਐਮ.ਓ. ਗਿੱਦੜਬਾਹਾ ਡਾ.ਪਰਵਜੀਤ ਸਿੰਘ ਗੁਲਾਟੀ ਨੇ ਦੱਸਿਆ ਕਿ ਸਿਵਲ ਹਸਪਤਾਲ ਗਿੱਦੜਬਾਹਾ ਕੋਲ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਅਤੇ ਕੋਵਿਡ ਮਰੀਜ਼ਾਂ ਲਈ ਸਾਰੀਆਂ ਸਹੂਲਤਾਂ ਹਸਪਤਾਲ ਵਿੱਚ ਉਪਲਬਧ ਹਨ।