ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੂਨ
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਖਿਲਾਫ਼ ਵਿੱਢੇ ਹੋਏ ਸੰਘਰਸ਼ ਲਈ ਹੁਣ ਜਿਸ ਰੂਪ ਵਿੱਚ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾਣ ਲੱਗਿਆ ਹੈ, ਉਸ ਤੋਂ ਉਮੀਦ ਹੈ ਕਿ ਕੋਵਿਡ-19 ਮਿਸ਼ਨ ਉੱਪਰ ਸਰਕਾਰ ਛੇਤੀ ਹੀ ਫ਼ਤਿਹ ਹਾਸਲ ਕਰ ਲਵੇਗੀ।
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਫਤਿਹ ਕਰਨ ਲਈ ਰਾਜ ਦੀਆਂ ਸਮਾਜ ਸੇਵਾ ਸੰਸਥਾਵਾਂ ਵੱਲੋਂ ਸ਼ਲਾਘਾਯੋਗ ਰੋਲ ਨਿਭਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਵੱਲੋਂ ਇਸ ਸੰਘਰਸ਼ ਵਿੱਚ ਜਿਸ ਰੂਪ ਵਿੱਚ ਦਾਨ ਅਤੇ ਹੋਰ ਸੇਵਾ ਕੀਤੀ ਜਾਣ ਲੱਗੀ ਹੈ,ਅਜਿਹੀ ਭਾਵਨਾ ਪੂਰੇ ਭਾਰਤ ਸਮੇਤ ਸਾਰੀ ਸੰਸਾਰ ਵਿੱਚ ਕਿੱਧਰੇ ਵੀ ਵੇਖਣ ਨੂੰ ਨਹੀਂ ਮਿਲ ਰਹੀ ਹੈ। ਉਹ ਇੱਥੇ ਰੋਟਰੀ ਕਲੱਬ ਦੇ ਸੰਖੇਪ ਸਮਾਗਮ ਨੂੰ ਸੰਬੋਧਨ ਕਰਨ ਵਾਸਤੇ ਆਏ ਸਨ।
ਊਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਬਿਹਤਰਹੀਣ ਸਿਹਤ ਸੇਵਾਵਾਂ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਹੁਣ ਉਸ ਵੇਲੇ ਪੋਲ ਖੁੱਲ੍ਹ ਗਈ ਹੈ, ਜਦੋਂ ਦਿੱਲੀ ਵਿੱਚ ਮਾੜੇ ਪ੍ਰਬੰਧਾਂ ਕਾਰਨ ਵੱਡੀ ਪੱਧਰ ‘ਤੇ ਲੋਕ ਕਰੋਨਾ ਮਹਾਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾਣ ਲੱਗੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਪੰਜਾਬ ਦੇ ਹਸਪਤਾਲਾਂ ਵਿੱਚ ਇਲਾਜ ਲਈ ਆਉਣੇ ਸ਼ੁਰੂ ਹੋ ਗਏ ਹਨ, ਕਿਉਂਕਿ ਮਰੀਜ਼ਾਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਪ੍ਰਭਾਵਿਤ ਮਰੀਜ਼ਾਂ ਦੀ ਸਹੀ ਸਾਂਭ-ਸੰਭਾਲ ਨਹੀਂ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੰਨੇ ਮਰੀਜ਼ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਇਲਾਜ ਲਈ ਪੰਜਾਬ ਵਿੱਚ ਆਉਣਗੇ, ਪੰਜਾਬ ਸਰਕਾਰ ਉਨ੍ਹਾਂ ਦਾ ਸਰਕਾਰੀ ਖਰਚੇ ‘ਤੇ ਇਲਾਜ ਕਰਨ ਲਈ ਹਰ ਤਰ੍ਹਾਂ ਬੰਦੋਬਸਤ ਕਰੇਗੀ।
ਸ੍ਰੀ ਸਿੱਧੂ ਨੇ ਰੋਟਰੀ ਜ਼ਿਲ੍ਹਾ 3090 ਦੇ ਗਵਰਨਰ ਰਾਜੀਵ ਗਰਗ, ਸਾਬਕਾ ਗਵਰਨਰ ਪ੍ਰੇਮ ਅਗਰਵਾਲ ਦੀ ਇਸ ਮਹਾਂਮਾਰੀ ਵਿਰੁੱਧ ਇਨ੍ਹਾਂ ਵੱਡੇ ਪ੍ਰੋਜੈਕਟ ਕਰਨ ਲਈ ਪ੍ਰਸ਼ੰਸਾ ਕੀਤੀ। ਰੋਟਰੀ ਜਿਲ੍ਹਾ 3090 ਵੱਲੋ ਗਵਰਨਰ ਰਾਜੀਵ ਗਰਗ ਦੀ ਲੀਡਰਸ਼ਿਪ ਹੇਠ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਕਰੋਨਾ ਵਿਰੁੱਧ ਚੱਲ ਰਹੀ ਜੰਗ ਨਾਲ ਨਿਪਟਣ ਲਈ ਸਿਵਲ ਹਸਪਤਾਲ ਮਾਨਸਾ ਵਿੱਚ ਲੱਗਭਗ 42 ਲੱਖ ਰੁਪਏ ਦਾ ਸਾਮਾਨ ਪੰਜਾਬ ਦੇ 11 ਜ਼ਿਲ੍ਹਿਆਂ ਲਈ ਭੇਟ ਕੀਤਾ।