ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 26 ਅਗਸਤ
ਨਗਰ ਕੌਂਸਲ ਕੋਟਕਪੂਰਾ ’ਚ ਅੱਜ ਫ਼ੇਰ ਖਾਨਾਜ਼ੰਗੀ ਮੁੜ ਤੇਜ਼ ਹੋ ਗਈ ਹੈ। ਕਾਂਗਰਸੀ ਕੌਂਸਲਰਾਂ ਇਥੇ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ। ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਕਾਂਗਰਸ ਦੇ ਹੀ ਇੱਕ ਧੜੇ ਨੇ ਇੱਕਜੁਟ ਹੋ ਕੇ ਆਪਣੀ ਪਾਰਟੀ ਨਾਲ ਸਬੰਧਤ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਕੁਮਾਰ ਜੋਸ਼ੀ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਇੱਕ ਸਾਂਝੀ ਚਿੱਠੀ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਰਾਹੀਂ ਡਾਇਰੈਕਟਰ ਲੋਕਲ ਬਾਡੀ ਪੰਜਾਬ, ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਏਡੀਸੀ (ਅਰਬਨ) ਫ਼ਰੀਦਕੋਟ ਨੂੰ ਭੇਜ ਦਿੱਤੀ ਹੈ। ਕੌਂਸਲਰਾਂ ਦੀ ਇਸ ਚਿੱਠੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਕੌਂਸਲ ਅੰਦਰ ਭਾਂਬੜ ਮੱਚ ਸਕਦਾ ਹੈ।
ਜਾਣਕਾਰੀ ਅਨੁਸਾਰ ਭੇਜੀ ਗਈ ਇਸ ਚਿੱਠੀ ਵਿੱਚ ਰਣਜੀਤ ਕੌਰ, ਨਵਜੋਤ ਕੌਰ, ਬਿੰਦਰ ਸਿੰਘ, ਪਲਵਿੰਦਰ ਕੌਰ, ਮੋਨਿਕਾ ਰਾਣੀ, ਜਸਵਿੰਦਰ ਸਿੰਘ, ਚੰਚਲ ਕੁਮਾਰ, ਹਰਵਿੰਦਰ ਸਿੰਘ, ਬਾਬੂ ਲਾਲ, ਸੋਨਿਆ ਰਾਣੀ, ਪ੍ਰੋਮਿਲਾ ਚੋਪੜਾ, ਪਰਮਜੀਤ ਕੌਰ ਆਦਿ ਕੌਂਸਲਰਾਂ ਦੇ ਆਪੋ-ਆਪਣੇ ਹਸਤਾਖਰ ਕੀਤੇ ਹਨ। ਦੱਸਣਯੋਗ ਹੈ ਕਿ ਕਾਂਗਰਸ ਦੀ ਫੁੱਟ ਕਾਰਨ ਮਿਉਂਸਿਪਲ ਨੂੰ ਚੋਣਾਂ ਤੋਂ ਪੰਜ ਮਹੀਨੇ ਪਿੱਛੋਂ ਨਵਾਂ ਪ੍ਰਧਾਨ ਮਿਲਿਆ ਹੈ। ਹਲਕਾ ਇੰਚਾਰਜ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਸੁਪੁੱਤਰ ਰਾਹੁਲ ਸਿੰਘ ਸਿੱਧੂ ਧੜੇ ਨੂੰ ਇਸ ਗੱਲ ਦਾ ਖ਼ਦਸ਼ਾ ਸੀ ਕਿ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਧੜੇ ਦਾ ਪ੍ਰਧਾਨ ਕੁਰਸੀ ਹੋਣ ਕਰਕੇ ਉਹ ਵਾਈਸ ਪ੍ਰਧਾਨ ਸਵਤੰਤਰ ਜੋਸ਼ੀ ਦੀ ਛੁੱਟੀ ਕਰਵਾ ਸਕਦੇ ਹਨ।
ਕੁਝ ਕੌਂਸਲਰਾਂ ਕੋਲੋਂ ਧੋਖੇ ਨਾਲ ਦਸਤਖ਼ਤ ਕਰਵਾਏ: ਜੋਸ਼ੀ
ਸਵਤੰਤਰ ਜੋਸ਼ੀ ਨੇ ਆਖਿਆ ਕਿ ਵਿਰੋਧੀ ਗ਼ੈਰ-ਜ਼ਿੰਮੇਵਾਰੀ ਵਾਲੀ ਕਾਰਗੁਜ਼ਾਰੀ ਕਰ ਰਹੀ ਹੈ। ਚੁਣੇ ਗਏ ਨੁਮਾਇੰਦਿਆਂ ਨੂੰ ਲੋਕਪੱਖੀ ਕੰਮ ਕਰਵਾਉਣੇ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭੇਜੀ ਗਈ ਚਿੱਠੀ ਵਿਚ ਬਹੁਤੇ ਕੌਂਸਲਰਾਂ ਤੋਂ ਧੋਖੇ ਨਾਲ ਹਸਤਾਖਰ ਕਰਵਾਏ ਗਏ ਹਨ।