ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 6 ਜੁਲਾਈ
ਕੋਟਕਪੂਰਾ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਟੇਢੀ ਖੀਰ ਸਾਬਿਤ ਹੋ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਫ਼ੇਰ ਪੰਜਵੀਂ ਵਾਰ ਚੋਣ ਨੂੰ ਮੁਅੱਤਲ ਕਰ ਦਿੱਤਾ ਹੈ।
ਕੋਰਟ ਦੇ ਡਬਲ ਬੈਂਚ ਨੇ ਚੋਣ ਰੱਦ ਕਰਨ ਦੇ ਹੁਕਮ ਸੁਣਾਉਂਦਿਆਂ ਅਗਲੀ ਸੁਣਵਾਈ 10 ਅਗਸਤ ਨੂੰ ਤੈਅ ਕੀਤੀ ਹੈ। ਜਸਟਿਸ ਤੇਜਿੰਦਰ ਸਿੰਘ ਧੀਂਡਸਾ ਤੇ ਜਸਟਿਸ ਵਿਵੇਕ ਪੁਰੀ ਨੇ ਕੌਂਸਲਰ ਸਵਤੰਤਰ ਜੋਸ਼ੀ ਵਗੈਰਾ ਬਨਾਮ ਪੰਜਾਬ ਸਰਕਾਰ ਖ਼ਿਲਾਫ਼ ਦਾਇਰ ਸਿਵਲ ਰਿਟ ਪਟੀਸ਼ਨ ਦੀ ਸੁਣਵਾਈ ਦੌਰਾਨ ਫ਼ੈਸਲਾ ਸੁਣਾਇਆ ਹੈ।
ਸਥਾਨਕ ਨਗਰ ਕੌਂਸਲ ਦਫ਼ਤਰ ’ਚ ਪਹਿਲਾਂ ਤੈਅਸ਼ੁਦਾ ਪ੍ਰੋਗਰਾਮ ਤਹਿਤ ਚੋਣ ਕਨਵੀਨਰ ਉਪ ਮੰਡਲ ਮੈਜਿਸਟਰੇਟ ਮਨਦੀਪ ਕੌਰ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰਵਾਈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇੱਥੇ ਪਹੁੰਚ ਕੇ ਕੌਂਸਲਰਾਂ ਨਾਲ ਮੀਟਿੰਗ ਕਰ ਕੇ ਭੁਪਿੰਦਰ ਸਿੰਘ ਨੂੰ ਪ੍ਰਧਾਨਗੀ ਲਈ ਮਨਜ਼ੂਰੀ ਦੇ ਦਿੱਤੀ ਸੀ। ਜ਼ਿਲ੍ਹਾ ਪ੍ਰਧਾਨ ਅਜੈਪਾਲ ਸੰਧੂ ਧੜੇ ਨਾਲ ਸਬੰਧਿਤ 21 ਅਤੇ ਦੋ ਰਾਹੁਲ ਸਿੱਧੂ ਧੜੇ ਦੇ ਮੈਂਬਰ ਸ਼ਾਮਲ ਹੋਏ। ਚੋਣ ਅਧਿਕਾਰੀ ਨੇ ਦੱਸਿਆ ਕਿ ਜਦ ਉਨ੍ਹਾਂ ਵੱਲੋਂ ਸਹੁੰ ਚੁਕਵਾਉਣ ਦੀ ਕਾਰਵਾਈ ਮੁਕੰਮਲ ਕੀਤੀ ਤਦ ਉਨ੍ਹਾਂ ਨੂੰ ਪ੍ਰਧਾਨ ਦੀ ਚੋਣ ਰੱਦ ਕਰਨ ਦੇ ਫ਼ੈਸਲੇ ਦੀ ਸੂਚਨਾ ਮਿਲੀ।
ਇਸ ਮੌਕੇ ਕੌਂਸਲਰ ਪੂਜਾ ਗਰੋਵਰ, ਪ੍ਰੋਮਿਲਾ ਚੋਪੜਾ ਅਤੇ ਜੋਤੀ ਮਿੱਤਲ ਨੇ ਚੋਣ ਅਧਿਕਾਰੀ ’ਤੇ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਚੋਣ ਅਧਿਕਾਰੀ ਨੂੰ ਪ੍ਰਧਾਨਗੀ ਦੀ ਚੋਣ ਰੱਦ ਹੋਣ ਬਾਰੇ ਪਹਿਲਾਂ ਜਾਣਕਾਰੀ ਹੋਣ ਦੇ ਬਾਵਜੂਦ ਬਹੁਤ ਦੇਰ ਮਗਰੋਂ ਹਾਜ਼ਰ ਕੌਂਸਲਰਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਰਾਹੁਲ ਸਿੱਧੂ ਧੜੇ ਨਾਲ ਸਬੰਧਿਤ ਦੋ ਕੌਂਸਲਰ ਡਾ. ਮਹਾਂਵੀਰ ਸਿੰਘ ਅਤੇ ਸ਼ਮਸ਼ੇਰ ਸਿੰਘ ਅਤੇ ਵਰਕਰ ਮਨਦੀਪ ਮੌਂਗਾ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਦ ਤੱਕ ਭਾਈ ਰਾਹੁਲ ਸਿੱਧੂ ਤੰਦਰੁਸਤ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਚੋਣ ਨਾ ਕਰਵਾਈ ਜਾਵੇ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰੀਬ ਅੱਧੇ ਘੰਟੇ ਦੀ ਮੁਸ਼ਕੱਤ ਮਗਰੋਂ ਇਨ੍ਹਾਂ ਨੂੰ ਟੈਂਕੀ ਤੋਂ ਉਤਾਰ ਲਿਆ ਗਿਆ।