ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 11 ਅਕਤੂਬਰ
ਸੰਗਤ ਮੰਡੀ ਨੇੜਲੇ ਪਿੰਡ ਕੋਟਗੁਰੂ ਵਿੱਚ ਕਰਵਾਇਆ ਦੋ ਦਿਨਾਂ ਪਹਿਲਾ ਕਬੱਡੀ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਪਿੰਡ ਦੇ ਸ਼ਹੀਦ ਭਗਤ ਸਿੰਘ ਲੋਕ ਭਲਾਈ ਸਪੋਰਟਸ ਕਲੱਬ ਦੇ ਪ੍ਰਧਾਨ ਵਕੀਲ ਸਿੰਘ ਧਾਲੀਵਾਲ ਅਤੇ ਖਜ਼ਾਨਚੀ ਗੁਰਪ੍ਰੀਤ ਸਿੰਘ ਕੂਲ੍ਹੜੀਆ ਨੇ ਦੱਸਿਆ ਕਿ ਮੇਲੇ ਦੌਰਾਨ ਵੱਖ ਵੱਖ ਰਾਜਾਂ ਦੀਆਂ 120 ਟੀਮਾ ਨੇ ਭਾਗ ਲਿਆ, ਜਿਨ੍ਹਾਂ ’ਚੋਂ ਕਬੱਡੀ 52 ਕਿਲੋ ਭਾਰ ਵਰਗ ’ਚ ਕੋਟਸ਼ਮੀਰ ਦੀ ਟੀਮ ਨੇ 4100 ਰੁਪਏ ਦਾ ਪਹਿਲਾ ਤੇ ਡੇਰਾ ਝੂੰਬਾ ਦੀ ਟੀਮ ਨੇ 3100 ਰੁਪਏ ਦਾ ਦੂਜਾ ਇਨਾਮ ਹਾਸਲ ਕੀਤਾ। ਕਬੱਡੀ 62 ਕਿਲੋ ਭਾਰ ਵਰਗ ’ਚ ਜਗਾ ਰਾਮਤੀਰਥ ਦੀ ਟੀਮ ਨੇ ਅੱਧੇ ਨੰਬਰ ਦੇ ਫ਼ਰਕ ਨਾਲ 5100 ਰੁਪਏ ਨਕਦ ਦਾ ਪਹਿਲਾ ਤੇ ਮੇਜ਼ਬਾਨ ਕੋਟਗੁਰੂ ਦੀ ਟੀਮ ਨੇ 4100 ਰੁਪਏ ਦਾ ਦੂਜਾ ਇਨਾਮ ਹਾਸਲ ਕੀਤਾ। ਕਬੱਡੀ ਓਪਨ ’ਚ ਪਹੁੰਚੀਆਂ ਨਾਮਵਾਰ 22 ਟੀਮਾਂ ਦੇ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ। ਸੈਮੀਫਾਈਨਲ ’ਚ ਚੱਠੇਵਾਲਾ ਤੇ ਜੇਠੂਕੇ ਦੀਆਂ ਟੀਮਾਂ ’ਚ ਸਖ਼ਤ ਟੱਕਰ ਹੋਈ ਤੇ ਡੇਢ ਨੰਬਰ ਦੇ ਫ਼ਰਕ ਨਾਲ ਜਿੱਤ ਕੇ ਜੇਠੂਕੇ ਦੀ ਟੀਮ ਫਾਈਨਲ ’ਚ ਪਹੁੰਚੀ। ਦੂਸਰੇ ਸੈਮੀਫਾਈਨਲ ਵਿੱਚ ਫੱਕਰ ਝੰਡਾ ਤੇ ਭੈਣੀ ਬਾਹੀਆ ਦੇ ਗੱਭਰੂਆਂ ’ਚ ਸਖ਼ਤ ਟੱਕਰ ਹੋਈ, ਜਿਸ ਵਿੱਚ ਫੱਕਰਝੰਡਾ ਦੀ ਟੀਮ ਨੇ ਭੈਣੀ ਬਾਹੀਆ ਤੋਂ ਮੈਚ ਜਿੱਤ ਲਿਆ। ਫਾਈਨਲ ਮੈਚ ਦੌਰਾਨ ਭਿੜੇ ਫੱਕਰਝੰਡਾ ਤੇ ਜੇਠੂਕੇ ਦੇ ਗੱਭਰੂਆਂ ਦੀ ਸਖ਼ਤ ਟੱਕਰ ਤੇ ਫੱਸਵੇਂ ਰੌਚਕ ਮੁਕਾਬਲੇ ’ਚ ਆਖ਼ਰੀ ਰੇਡ ’ਤੇ ਫੱਕਰ ਝੰਡਾ ਦੇ ਗੱਭਰੂ ਪੂਰੀ ਜੱਦੋ ਜਹਿਦ ਨਾਲ ਅੱਧੇ ਨੰਬਰ ਨਾਲ ਮੁਕਾਬਲਾ ਜਿੱਤ ਕੇ ਟੂਰਨਾਮੈਂਟ ਦੇ 21 ਹਜ਼ਾਰ ਰੁਪਏ ਦੇ ਪਹਿਲੇ ਇਨਾਮ ਤੇ ਕਬਜ਼ਾ ਜਮਾਇਆ ਅਤੇ ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਦਾ ਦੂਜਾ ਇਨਾਮ ਹਾਸਲ ਹੋਇਆ। ਟੂਰਨਾਮੈਂਟ ਦੌਰਾਨ ਸਰਬੋਤਮ ਜਾਫ਼ੀ ਹਰਦੇਵ ਸਿੰਘ, ਬਹਾਦਰ ਸਿੰਘ ਅਤੇ ਬਾਜੀ ਫੱਕਰਝੰਡਾ ਤੋਂ ਇਲਾਵਾ, ਸਰਬੋਤਮ ਰੇਡਰ ਬੁੱਗਾ ਚੱਠੇਵਾਲਾ ਅਤੇ ਗੇਜਾ ਦੇਸੂ ਜੋਧਾ ਨੂੰ ਐਲਾਨਿਆ ਗਿਆ। ਖੇਡ ਮੇਲੇ ਦੇ ਆਖਰੀ ਦਿਨ ਪਿੰਡ ਦੇ ਪਹਿਲਵਾਨ ਸ਼ਗਨਦੀਪ ਸਿੰਘ ਨੂੰ 31000 ਰੁਪਏ ਦਾ ਨਕਦ ਇਨਾਮ ਅਤੇ ਨੈਸ਼ਨਲ ਖਿਡਾਰੀ ਵੀਰਪਾਲ ਕੌਰ ਤੇ ਅਰਸ਼ਦੀਪ ਸਿੰਘ ਨੈਨ ਨੂੰ ਵਿਸ਼ੇਸ਼ ਤੌਰ ਅਤੇ ਸਨਮਾਨਿਤ ਕੀਤਾ ਗਿਆ।