ਗੁਰਪ੍ਰੀਤ ਦੌਧਰ
ਅਜੀਤਵਾਲ, 1 ਅਗਸਤ
ਇੱਥੋਂ ਨੇੜਲੇ ਪਿੰਡ ਕੋਕਰੀ ਕਲਾਂ ਦੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਦਾ ਸਾਂਝਾ ਇਕੱਠ ਗੁਰਦੁਆਰਾ ਸ਼ੇਰਾ ਵਾਲਾ ਵਿੱਚ ਕੀਤਾ ਗਿਆ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਭਿੰਦਰ ਸਿੰਘ ਨੇ ਕਿਹਾ ਕਿ 16 ਜੁਲਾਈ ਨੂੰ ਪਿੰਡ ਵਾਸੀਆਂ ਨੇ ਨਸ਼ੀਲੇ ਪਦਾਰਥ ਸਣੇ ਕਾਬੂ ਕੀਤੇ ਦੋ ਜਣੇ ਹਰਮਿੰਦਰ ਸਿੰਘ ਹੇਰਾਂ ਤੇ ਹਰਜੀਤ ਸਿੰਘ ਕੋਕਰੀ ਕਲਾਂ ਨੂੰ ਪੁਲੀਸ ਹਵਾਲੇ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਚਾਰ ਹੋਰ ਸਾਥੀਆਂ ਨੂੰ ਪੁਲੀਸ ਅਜੇ ਤਕ ਕਾਬੂ ਨਹੀਂ ਕਰ ਸਕੀ। ਉਨ੍ਹਾਂ ਦਾ ਨਾਂ ਅਤੇ ਪਤਾ ਥਾਣਾ ਅਜੀਤਵਾਲ ਦਰਜ ਕਰਵਾ ਦਿੱਤਾ ਗਿਆ ਸੀ।
ਅੱਜ ਦੇ ਇਕੱਠ ਵੱਲੋਂ ਸਾਰੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਕਰ ਕੇ ਪੜਤਾਲ ਕਰਨ ਦੀ ਮੰਗ ਕੀਤੀ ਗਈ ਕਿ ਇਸ ਗਰੁੱਪ ਵੱਲੋਂ ਕਿਸ ਨਸ਼ਾ ਤਸਕਰ ਤੋਂ ਲੈ ਕੇ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਕਰੀ ਸਣੇ ਇਲਾਕੇ ਵਿੱਚ ਅਜਿਹੇ ਕਿੰਨੇ ਗਰੁੱਪ ਉਸ ਦਾ ਮਾਲ ਸਪਲਾਈ ਕਰਨ ਵਿੱਚ ਲੱਗੇ ਹੋਏ ਹਨ ਅਤੇ ਲੁੱਟਾਂ-ਖੋਹਾਂ, ਚੋਰੀਆਂ ਅਤੇ ਅਗਵਾ ਕਾਂਡ ਵਰਗੀਆਂ ਸਮਾਜ ਵਿਰੋਧੀ ਵਾਰਦਾਤਾਂ ਨੂੰ ਬੇਖ਼ੌਫ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਵੱਡੀ ਗਿਣਤੀ ਪਿੰਡ ਵਾਸੀ ਇਸ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਤਿਆਰ ਹਨ।
ਇਸ ਮੌਕੇ ਸਰਬਜੀਤ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਇਕਬਾਲ ਸਿੰਘ, ਬਲਵੰਤ ਸਿੰਘ, ਜਗਦੀਪ ਕੌਰ, ਗੁਰਮੇਲ ਕੌਰ ਸਣੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।