ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਜੂਨ
ਇਥੇ ਪਿੰਡ ਕੋਟਲੀ ਸੰਘਰ ਵਿੱਚ ਨਿਕਾਸੀ ਨਾਲੀਆਂ ਦੇ ਪਾਣੀ ਦੀ ਢੁੱਕਵੀਂ ਨਿਕਾਸੀ ਨਾ ਹੋਣ ਕਾਰਨ ਲੋਕ ਲੰਬੇ ਸਮੇਂ ਤੋਂ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਵੱਲੋਂ ਪਾਣੀ ਦੇ ਮਸਲੇ ਦੇ ਹੱਲ ਸਬੰਧੀ ਸਬੰਧਿਤ ਵਿਭਾਗ ਅਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਪਰ ਮਸਲਾ ਜਿਉਂ ਦਾ ਤਿਉਂ ਹੈ। ਪਿੰਡ ਦੇ ਬਲਵੀਰ ਸਿੰਘ ਬੀਰਾ ਅਤੇ ਉਨ੍ਹਾਂ ਦੇ ਬੇਟੇ ਹਰਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਬਣੀ ਨਾਲੀ ਦੀ ਅੱਗੇ ਕੋਈ ਢੁੱਕਵੀਂ ਨਿਕਾਸੀ ਨਾ ਹੋਣ ਕਾਰਨ ਘਰ ਦੀਆਂ ਕੰਧਾਂ ਸਲਾਬੀਆਂ ਗਈਆਂ ਹਨ ਤੇ ਜਿਸ ਕਾਰਨ ਉਨ੍ਹਾਂ ਦੇ ਘਰ ਦਾ ਗੇਟ ਵੀ ਡਿੱਗਣ ਵਾਲਾ ਹੈ।
ਸਲਾਬ ਕਾਰਨ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਛੱਪੜਾਂ ’ਚ ਪਾਣੀ ਓਵਰ ਫਲੋਅ ਹੋ ਚੁੱਕਾ ਹੈ ਜਿਸਦੀ ਅੱਗੇ ਕਿਸੇ ਪਾਸੇ ਨਿਕਾਸੀ ਨਹੀਂ ਹੈ। ਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ’ਚ ਦਾਖ਼ਲ ਹੋ ਜਾਂਦਾ ਹੈ। ਉਸਨੇ ਦੱਸਿਆ ਕਿ ਇੱਕ ਛੱਪੜ ਤਾਂ ਬਿਲਕੁੱਲ ਉਸਦੇ ਘਰ ਅੱਗੇ ਹੈ ਜਿਸਦਾ ਪਾਣੀ ਅਕਸਰ ਹੀ ਓਵਰਫਲੋਅ ਹੋ ਕੇ ਉਨ੍ਹਾਂ ਦੇ ਘਰ ਦੀ ਰਸੋਈ ਤੱਕ ਚਲਾ ਜਾਂਦਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਹੱਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਘਰਾਂ ਨਾਲ ਲੰਘਦੀ ਨਿਕਾਸੀ ਨਾਲੀ ਉੱਚੀ ਕਰਕੇ ਬਣਵਾਈ ਜਾਵੇ।