ਨਵਕਿਰਨ ਸਿੰਘ
ਮਹਿਲ ਕਲਾਂ, 29 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਰਕਾਰ ਵੱਲੋਂ ਕਰੋਨਾ ਕਾਰਨ ਸਕੂਲ/ਕਾਲਜ ਬੰਦ ਖ਼ਿਲਾਫ਼ ਇਥੇ ਰੈਲੀ ਕਰਨ ਮਗਰੋਂ ਪ੍ਰਦਰਸ਼ਨ ਕਰਦਿਆਂ ਨਾਇਬ ਤਹਿਸੀਲਦਾਰ ਮਹਿਲ ਕਲਾਂ ਗੁਰਬੰਸ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੀ ਅਗਵਾਈ ਦਾਣਾ ਮੰਡੀ ਵਿਖੇ ਕੀਤੀ ਰੈਲੀ ’ਚ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜੁਗਰਾਜ ਸਿੰਘ ਹਰਦਾਸਪੁਰਾ,ਅਮਨਦੀਪ ਸਿੰਘ ਰਾਏਸਰ,ਮਲਕੀਤ ਸਿੰਘ ਈਨਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਇੱਕ ਪਾਸੇ ਤਾਂ ਵਿਧਾਨ ਸਭਾ ਚੋਣਾਂ ’ਚ ਰਾਜਨੀਤਕ ਆਗੂ ਇਕੱਠ ਕਰ ਰਹੇ ਹਨ, ਵੱਡੇ-ਵੱਡੇ ਹੋਟਲ, ਸ਼ਰਾਬ ਦੇ ਠੇਕੇ/ਅਹਾਤੇ ਖੁੱਲ੍ਹੇ ਹਨ ਤੇ ਦੂਜੇ ਪਾਸੇ ਸਕੂਲ ਬੰਦ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਿਰਵੇ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਪੜ੍ਹਾਈ ਡਰਾਮੇ ਤੋਂ ਸਿਵਾਏ ਕੁੱਝ ਨਹੀਂ ਹੈ ਤੇ ਇਸ ਤਰ੍ਹਾਂ ਦੀ ਪੜ੍ਹਾਈ ਨਾਲ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗਰੀਬ ਕਿਸਾਨ,ਮਜਦੂਰ ਤਾਂ ਪਹਿਲਾਂ ਹੀ ਦੋ ਡੰਗ ਦੀ ਰੋਟੀ ਤੋਂ ਮੁਥਾਜ਼ ਹਨ ਤਾਂ ਅਜਿਹੇ ਵਿੱਚ ਉਹ ਆਪਣੇ ਦੋ,ਤਿੰਨ ਧੀਆਂ ਪੁੱਤਰਾਂ ਲਈ ਮਹਿੰਗੇ ਫੋਨ ਅਤੇ ਨੈੱਟ ਪੈਕ ਕਿਵੇਂ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਲਾਂਭੇ ਕਰਨਾ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਆਗੂ ਮਾਸਟਰ ਬਲਜਿੰਦਰ ਪ੍ਰਭੂ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ ਨਾ ਖੋਲ੍ਹਣਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ, ਜੇ ਸਕੂਲ ਨਾ ਖੋਲ੍ਹੇ ਗਏ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 3 ਫਰਵਰੀ ਤੱਕ ਵਿਦਿਅਕ ਸੰਸਥਾਵਾਂ ਨਾ ਖੋਲ੍ਹੀਆਂ ਗਈਆਂ ਤਾਂ 4 ਫਰਵਰੀ ਨੂੰ ਸਮੁੱਚੇ ਪੰਜਾਬ ਵਿੱਚ ਦੁਪਹਿਰ 12 ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁੰਕੰਮਲ ਚੱਕਾ ਜਾਮ ਕੀਤਾ ਜਾਵੇਗਾ।