ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ ਦੋ ਪਿੰਡਾਂ ਮੂਸਾ ਅਤੇ ਖਿਆਲਾ ਕਲਾਂ ਦੇ ਪ੍ਰਾਇਮਰੀ ਸਕੂਲ ਖੁਲਵਾਏ ਗਏ। ਜਥੇਬੰਦੀ ਦਾ ਕਹਿਣਾ ਹੈ ਕਿ ਭਾਵੇਂ 6 ਫਰਵਰੀ ਨੂੰ ਸਰਕਾਰ ਵੱਲੋਂ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ, ਪਰ ਬੰਦ ਪਏ ਪ੍ਰਾਇਮਰੀ ਸਕੂਲ ਨੂੰ ਵੀ ਖੋਲ੍ਹਿਆ ਜਾਵੇ। ਜਥੇਬੰਦੀ ਦੇ ਬਲਾਕ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਥੱਲੇ ਬੱਚਿਆਂ ਦਾ ਭਵਿੱਖ ਤਬਾਹ ਕਰਨ ’ਤੇ ਤੁਲੀ ਹੋਈ ਹੈ। ਸਕੂਲ ਬੰਦ ਹੋਣ ਕਾਰਨ ਮਾਪੇ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਤੋਂ ਫੀਸਾਂ ਭਰਾਈਆਂ ਜਾ ਰਹੀਆਂ ਹਨ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਕਰੋਨਾ ਕਾਰਨ ਬੰਦ ਕੀਤੇ ਸਕੂਲ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਮਾਨਸਾ ਦੇ ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਕਰੋਨਾ ਦੀ ਆੜ ਹੇਠ ਸਰਕਾਰ ਬੱਚਿਆਂ ਦੀ ਪੜ੍ਹਾਈ ਖਰਾਬ ਕਰਨ ’ਤੇ ਤੁਲੀ ਹੋਈ ਹੈ ਅਤੇ ਦੂਜੇ ਪਾਸੇ ਸ਼ਾਮ ਨੂੰ ਠੇਕੇ ਖੁਲ੍ਹੇ ਰੱਖੇ ਹੋਏ ਹਨ। ਇਸ ਮੌਕੇ ਜਥੇਬੰਦੀ ਦੇ ਆਗੂ ਜਗਦੇਵ ਸਿੰਘ ਭੈਣੀਬਾਘਾ, ਭਾਨ ਸਿੰਘ ਬਰਨਾਲਾ,ਲਾਭ ਸਿੰਘ ਖੋਖਰ, ਮਹਿੰਦਰ ਸਿੰਘ ਖੜਕ ਸਿੰਘ ਵਾਲਾ ਤੇ ਮਾਸਟਰ ਸੁਖਦੇਵ ਸਿੰਘ ਬੁਰਜ ਹਰੀ ਨੇ ਵੀ ਸੰਬੋਧਨ ਕੀਤਾ।