ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 13 ਸਤੰਬਰ
ਕਿਸਾਨ ਅੰਦੋਲਨ ਦੇ ਹੱਕ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ 50 ਦਿਨ ਸਾਈਕਲ ’ਤੇ ਪ੍ਰਚਾਰ ਕਰ ਕੇ ਮੰਡੀ ਕਾਲਾਂਵਾਲੀ ਪੁੱਜੇ ਪਿੰਡ ਨੌਰੰਗ ਦੇ ਨੌਜਵਾਨ ਜਗਤਾਰ ਸਿੰਘ ਦਾ ਕਿਸਾਨਾਂ ਨੇ ਸਨਮਾਨ ਕੀਤਾ।
ਜਗਤਾਰ ਸਿੰਘ ਦਾ ਦਾਅਵਾ ਹੈ ਕਿ ਉਹ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਸੂਬਿਆਂ ਵਿੱਚੋਂ ਹੋ ਕੇ ਆਇਆ ਹੈ। ਉਸ ਨੇ ਦਾਅਵਾ ਕੀਤਾ ਕਿ ਕਿਸਾਨੀ ਅੰਦੋਲਨ ਸਫ਼ਲਤਾ ਤੇ ਏਕਤਾ ਨਾਲ ਅੱਗੇ ਵਧ ਰਿਹਾ ਹੈ। ਮੰਡੀ ਕਾਲਾਂਵਾਲੀ ਦੀਆਂ ਔਢਾਂ ਕੈਂਚੀਆਂ ’ਤੇ ਸਥਿਤ ਕ੍ਰਾਂਤੀਕਾਰੀ ਚੌਕ ਵਿੱਚ ਕਿਸਾਨਾਂ ਨੇ ਜਗਤਾਰ ਸਿੰਘ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਗਤਾਰ ਸਿੰਘ ਨੌਰੰਗ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਕਿਸਾਨਾਂ ਉੱਤੇ ਕਾਰਪੋਰੇਟ ਦਾ ਸ਼ਿਕੰਜਾ ਤੇਜ਼ੀ ਨਾਲ ਕੱਸਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਚੜ੍ਹਦੀ ਕਲਾ ਵਿਚ ਹਨ। ਉਸ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਵੱਲੋਂ ਮਿਲੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖੇਗਾ। ਜਗਤਾਰ ਸਿੰਘ ਦਾ ਕਹਿਣਾ ਸੀ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਦੇ ਸਫ਼ਰ ਦੌਰਾਨ ਜੋ ਪਿਆਰ ਭਾਰਤ ਵਾਸੀਆਂ ਵੱਲੋਂ ਮਿਲਿਆ ਹੈ ਉਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਨੌਜਵਾਨ ਜਗਤਾਰ ਸਿੰਘ ਨੌਰੰਗ ਦਾ ਸਨਮਾਨ ਕਰਨ ਵਾਲਿਆਂ ਵਿੱਚ ਬੀਕੇਯੂ ਚੜੂਨੀ ਦੇ ਪ੍ਰਧਾਨ ਸਵਰਨਜੀਤ ਸਿੰਘ, ਗੁਰਮੇਜ ਸਿੰਘ ਨੌਰੰਗ, ਤਜਿੰਦਰ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਦੇਸੂਜੋਧਾ, ਸਵਰਨਜੀਤ ਸਿੰਘ ਨੌਰੰਗ, ਜਗਦੀਪ ਸਿੰਘ ਰਾਮਸਰਾ, ਗੋਰਾ ਸਿੰਘ ਨੌਰੰਗ, ਬਿੰਦਰ ਸਿੰਘ ਨੌਰੰਗ ਤੇ ਅਮਰ ਸਿੰਘ ਸੋਨੀ ਸਣੇ ਕਈ ਕਿਸਾਨ ਸ਼ਾਮਲ ਸਨ।