ਮਾਨਸਾ (ਪੱਤਰ ਪ੍ਰੇਰਕ):
ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਡਾ. ਦਰਸ਼ਨ ਪਾਲ ਦਾ ਮਾਨਸਾ ਵਿਖੇ ਅੱਜ ਭਰਵਾਂ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਹੋਰ ਪਤਵੰਤੇ ਸ਼ਾਮਲ ਹੋਏ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਸ਼ਾਨਾਮੱਤੀ ਜਿੱਤ ਦਾ ਸਿਹਰਾ ਕਿਸਾਨਾਂ, ਮਜ਼ਦੂਰਾਂ ਅਤੇ ਸਮੁੱਚੀ ਲੋਕਾਈ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਰਾਹੀਂ ਖੇਤੀ ਅਰਥਚਾਰਾਂ ਅਤੇ ਲੋਕਾਂ ਦੀ ਖਾਦ-ਖੁਰਾਕ ਨੂੰ ਕਾਰਪੋਰੇਟਾਂ ਦੇ ਸਪੁਰਦ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪਿਛਲੀ ਇੱਕ ਸਦੀ ਦਾ ਇਤਿਹਾਸਕ ਵਿਸ਼ਵ ਪੱਧਰੀ ਅੰਦੋਲਨ ਹੋ ਨਬਿੜਿਆ ਹੈ, ਜਿਸ ਨੇ ਸ਼ਾਂਤੀਪੂਰਵਕ ਢੰਗ ਨਾਲ ਕੇਂਦਰ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਇਆ ਹੈ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਭਾਰਤ ਦੇ ਸਾਬਕਾ ਉਪ ਚੇਅਰਮੈਨ ਪ੍ਰੋ. ਬਾਵਾ ਸਿੰਘ, ਅਰਥ-ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਵੀ ਸੰਬੋਧਨ ਕੀਤਾ।