ਖੇਤਰੀ ਪ੍ਰਤੀਨਿਧ
ਬਰਨਾਲਾ, 17 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 382ਵੇਂ ਦਿਨ ਵੀ ਖਰਾਬ ਮੌਸਮ ਦੇ ਬਾਵਜ਼ੂਦ ਜਾਰੀ ਰਿਹਾ। ਬੁਲਾਰਿਆਂ ਨੇ ਭਲਕੇ 18 ਤਰੀਕ ਦੇ ਦੇਸ਼-ਪੱਧਰੀ ਰੇਲ ਰੋਕੋ ਪ੍ਰੋਗਰਾਮ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਨੂੰ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਅਜੈ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਸੀ। ਪਰ ਕੇਂਦਰੀ ਮੰਤਰੀ ਵਿਰੁੱਧ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਕਿਸਾਨ ਮੋਰਚਾ, ਪਹਿਲਾਂ ਤੋਂ ਐਲਾਨੇ ਫੈਸਲੇ ਅਨੁਸਾਰ, ਕੱਲ੍ਹ ਨੂੰ 10 ਤੋਂ 4 ਵਜੇ ਤੱਕ ਰੇਲਾਂ ਰੋਕਣ ਦਾ ਪ੍ਰੋਗਰਾਮ ਲਾਗੂ ਕਰੇਗਾ। ਧਰਨੇ ਰੇਲਵੇ ਲਾਈਨਾਂ ਉਪਰ ਹੀ ਲਾਏ ਜਾਣਗੇ। ਬੁਲਾਰਿਆਂ ਨੇ ਪੰਜਾਬ ਵਿੱਚ ਖਾਦ ਤੇ ਬੀਜਾਂ ਦੀ ਕਿੱਲਤ ਦਾ ਮਸਲਾ ਉਠਾਇਆ ਅਤੇ ਸਰਕਾਰ ਤੋਂ ਇਸ ਕਿੱਲਤ ਨੂੰ ਤੁਰੰਤ ਦੂਰ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕੌਮਾਂਤਰੀ ਭੁੱਖਮਰੀ ਸੂਚਕ-ਅੰਕ ਲਿਸਟ ਵਿੱਚ ਭਾਰਤ ਦੀ ਨਿੱਘਰ ਰਹੀ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ। ਕਿਹਾ ਕਿ ਦੇਸ਼ ਵਿੱਚ ਅਨਾਜ ਦੇ ਭੰਡਾਰ, ਜ਼ਰੂਰਤ ਨਾਲੋਂ ਤਿੰਨ ਗੁਣਾ ਵੱਧ ਦੇ ਸਰਕਾਰੀ ਦਾਅਵੇ ਦੇ ਬਾਵਜ਼ੂਦ ਭੁੱਖਮਰੀ ਦੇ ਪੱਖੋਂ ਸਾਡੀ ਹਾਲਤ ਇੰਨੀ ਖਰਾਬ ਕਿਉਂ ਹੈ? ਕਿਹਾ ਕਿ ਭੁੱਖਮਰੀ ਤੋਂ ਬਚਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ।