ਮੋਗਾ (ਮਹਿੰਦਰ ਸਿੰਘ ਰੱਤੀਆਂ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਥਾਨਕ ਰੇਲਵੇ ਸਟੇਸ਼ਨ ’ਤੇ ਲੋਡ ਮਾਲ ਗੱਡੀ ਚੱਲਣ ਨਹੀਂ ਦਿੱਤੀ ਗਈ। ਇੱਥੇ ਜਥੇਬੰਦੀ ਦਾ ਅੱਜ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ। ਕਿਸਾਨਾਂ ਨੇ ਐਲਾਨ ਕੀਤਾ ਕਿ ਮੰਗਾਂ ਮੰਨਣ ਤੱਕ ਕੋਈ ਰੇਲ ਗੱਡੀ ਨਹੀਂ ਲੰਘਣ ਦਿੱਤੀ ਜਾਵੇਗੀ। ਕਿਸਾਨ ਜਥੇਬੰਦੀਆਂ ਵੱਲੋਂ ਰੇਲ ਮਾਰਗ ਜਾਮ ਹੋਣ ਨਾਲ ਯਾਤਰੀ ਵੀ ਖੱਜਲ ਹੋ ਰਹੇ ਹਨ। ਜਥੇਬੰਦੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਹਰਬੰਸ ਸਿੰਘ ਗੁਰਦੇਵ ਸਿੰਘ ਸਾਹ ਵਾਲਾ ਆਦਿ ਨੇ ਕਿਹਾ ਕਿ ਕਾਂਗਰਸ ਨੇ ਜੋ ਚੋਣ ਵਾਅਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਕੀਤੇ। ਚੰਨੀ ਸਰਕਾਰ ਵੱਲੋਂ ਦਿੱਤੀ ਕਰਜ਼ਾ ਰਾਹਤ ਨਿਗੂਣੀ ਹੈ, ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰੇ। ਕਿਸਾਨ ਆਗੂਆਂ ਨੇ ਸੱਤ ਰੇਲ ਮਾਰਗਾਂ ਉੱਤੇ ਲੱਗੇ ਪੱਕੇ ਮੋਰਚੇ ਜਾਰੀ ਰੱਖਣ ਦਾ ਐਲਾਨ ਕੀਤਾ।
ਫ਼ਾਜ਼ਿਲਕਾ (ਪਰਮਜੀਤ ਸਿੰਘ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਫਾਜ਼ਿਲਕਾ ਦਾ ਰੇਲਵੇ ਸਟੇਸ਼ਨ ਫ਼ਾਜ਼ਿਲਕਾ ’ਤੇ ਲਗਾਇਆ ਗਿਆ ਧਰਨਾ ਜਾਰੀ ਰਿਹਾ। ਯੂਨੀਅਨ ਵੱਲੋਂ ਰੇਲ ਆਵਾਜਾਈ ਠੱਪ ਵੀ ਠੱਪ ਰੱਖੀ ਗਈ। ਇਸ ਦੌਰਾਨ ਹਾਜ਼ਰ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਗਦੀਸ਼ ਸਿੰਘ ਮਨਸਾ, ਕੁਲਵੰਤ ਸਿੰਘ ਹਸਤਾ ਕਲਾਂ ਤੇ ਗੁਰਬਖਸ਼ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੀ ਦਿੱਤੀ ਰਾਹਤ ਕਾਫ਼ੀ ਨਹੀਂ ਹੈ। ਆਗੂਆਂ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਜੋ ਰੇਲ ਟਰੈਕ ਜਾਮ ਕਰਨ ਦਾ ਝੂਠਾ ਦੋਸ਼ ਕਿਸਾਨਾਂ-ਮਜ਼ਦੂਰਾਂ ਸਿਰ ਥੋਪਿਆ ਜਾ ਰਿਹਾ ਹੈ ਕਿਉਂਕਿ ਇਸ ਲਈ ਸਰਕਾਰ ਵੱਲੋਂ ਹੀ ਮਜਬੂਰ ਕੀਤਾ ਜਾ ਰਿਹਾ ਹੈ।