ਜਸਵੰਤ ਸਿੰਘ ਥਿੰਦ
ਮਮਦੋਟ, 21 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਅਤੇ ਜ਼ੋਨ ਝੋਕ ਟਹਿਲ ਸਿੰਘ ਦੇ ਪ੍ਰਧਾਨ ਬੂਟਾ ਸਿੰਘ ਕਰੀਆ ਦੀ ਅਗਵਾਈ ਹੇਠ ਅੱਜ ਇੱਥੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਨਿੱਤ ਨਵੇਂ ਹਮਲੇ ਕਰ ਰਹੀ ਹੈ ਜਿਸ ਤਹਿਤ ਬਿਜਲੀ ਵੰਡ ਦਾ ਕੰਮ ਨਿੱਜੀ ਹੱਥਾਂ ਵਿੱਚ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਜ਼ਿਲ੍ਹੇ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਮੁਜ਼ਾਹਰੇ ਕੀਤੇ ਗਏ ਹਨ| ਉਨ੍ਹਾਂ ਅੱਗੇ ਦੱਸਿਆ ਕਿ ਅੱਜ ਮਾਰਕੀਟ ਕਮੇਟੀਆਂ ਨੂੰ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਖੇਤੀਬਾੜੀ ਅਧਿਕਾਰੀਆਂ ਨੂੰ ਅਦਾਰੇ ਨਾਲ ਸਬੰਧਤ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਮੰਗ ਪੱਤਰ ਦਿੱਤੇ ਗਏ| ਇਸ ਮੌਕੇ ਸਕੱਤਰ ਮੰਗਲ ਸਿੰਘ ਸਵਾਈ ਕੇ, ਗੁਰਦਿਆਲ ਸਿੰਘ ਟਿੱਬੀ, ਸੁਬੇਗ ਸਿੰਘ, ਗੁਰਮੀਤ ਸਿੰਘ ਬੇਟੂ, ਰੂੜ ਚੰਦ, ਜੋਨ ਝੋਕ ਟਹਿਲ ਸਿੰਘ ਦੇ ਪ੍ਰਧਾਨ ਬੂਟਾ ਸਿੰਘ ਕਰੀਆ, ਸਕੱਤਰ ਡਾ. ਗੁਰਨਾਮ ਸਿੰਘ ਅਲੀਕੇ, ਸੀਨੀਅਰ ਮੀਤ ਪ੍ਰਧਾਨ ਸੁਖਵਿਦਰ ਸਿੰਘ ਬੁਰਜ, ਜਸਵੰਤ ਸਿੰਘ ਸ਼ਰੀਹ ਵਾਲਾ, ਰਜਿੰਦਰ ਸਿੰਘ ਫੁਲਰਵਨ, ਦਵਿੰਦਰ ਸਿੰਘ ਫੁਲਰਵਨ, ਗੁਰਭੇਜ ਸਿੰਘ ਕਿਲੀ ਹਾਜ਼ਰ ਸਨ।