ਪਰਸ਼ੋਤਮ ਬੱਲੀ
ਬਰਨਾਲਾ, 13 ਦਸੰਬਰ
ਬਰਨਾਲਾ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਧਰਨ ਅੱਜ 439ਵੇਂ ਦਿਨ ਵੀ ਜਾਰੀ ਰਿਹਾ। ਜਿਉਂ-ਜਿਉਂ ਧਰਨੇ ਦਾ ਆਖਰੀ ਦਿਨ ਨਜ਼ਦੀਕ ਆ ਰਿਹਾ ਹੈ, ਧਰਨਾਕਾਰੀ ਆਪਣੀ ਜਿੱਤ ਨੂੰ ਰੱਜ ਕੇ ਮਾਨਣਾ ਚਾਹੁੰਦੇ ਹਨ। ਅੱਜ ਕਿਸਾਨ ਬੀਬੀਆਂ ਨੇ ਆਉਂਦੇ ਸਾਰ ਟਰਾਲੀਆਂ ਤੋਂ ਉਤਰਦੇ ਹੀ ਸਟੇਜ ’ਤੇ ‘ਕਬਜ਼ਾ’ ਕਰ ਲਿਆ। ਸੰਚਾਲਕਾਂ ਨੇ ‘ਬੇਨਤੀ’ ਕਰਕੇ ਬੀਬੀਆਂ ਤੋਂ ਸਟੇਜ ਦਾ ‘ਕਬਜ਼ਾ’ ਛੁਡਾਇਆ।
ਧਰਨੇ ਮੌਕੇ ਬਲਵੰਤ ਸਿੰਘ ਉਪਲੀ ਤੇ ਹੋਰ ਆਗੂਅਆਂ ਦੱਸਿਆ ਕਿ ਅੰਦੋਲਨ ਦੀ ਜਿੱਤ ਦੇ ਸ਼ੁਕਰਾਨੇ ਵਜੋਂ 14 ਦਸੰਬਰ ਮੰਗਲਵਾਰ ਨੂੰ ਧਰਨਾ ਵਾਲੀ ਥਾਂ ’ਤੇ 11 ਵਜੇ ਸੁਖਮਨੀ ਸਾਹਿਬ ਦੇ ਪਾਠ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ 15 ਦਸੰਬਰ ਨੂੰ ਧਰਨੇ ਦਾ ਆਖਰੀ ਦਿਨ ਹੋਵੇਗਾ। ਬੁਲਾਰਿਆਂ ਮੁਤਾਬਕ ਧਰਨੇ ਦੇ ਆਖਰੀ ਦਿਨ 15 ਦਸੰਬਰ ਦੇ ਆਖਰੀ ਪ੍ਰੋਗਰਾਮ ਵਜੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਫ਼ਤਹਿ ਮਾਰਚ ਕੀਤਾ ਜਾਵੇਗਾ।
ਮਹਿਲ ਕਲਾਂ (ਨਵਕਿਰਨ ਸਿੰਘ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਕਿਸਾਨਾਂ ਦਾ ਪੱਕਾ ਧਰਨਾ ਅੱਜ ਜਾਰੀ ਰਿਹਾ। ਇਸ ਮੌਕੇ ਜੁਗਰਾਜ ਹਰਦਾਸਪੁਰਾ, ਜਗਤਾਰ ਸਿੰਘ ਕਲਾਲ ਮਾਜਰਾ ਆਦਿ ਨੇ ਕਿਹਾ ਕਿ ਐਮਐਸਪੀ ਸਮੇਤ ਰਹਿੰਦੀਆਂ ਕਿਸਾਨ ਮੰਗਾਂ ਖਾਤਰ ਸੰਘਰਸ਼ ਜਾਰੀ ਰਹੇਗਾ। ਇਸੇ ਦੌਰਾਨ ਦਿੱਲੀ ਮੋਰਚੇ ਤੋਂ ਪਰਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਦਾ ਉਨ੍ਹਾਂ ਦੇ ਪਿੰਡ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ, ਬੀਕੇਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਬੀਕੇਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ, ਬੀਕੇਯੂ (ਸਿੱਧੂਪੁਰ) ਦੇ ਆਗੂ ਕਰਨੈਲ ਸਿੰਘ ਗਾਂਧੀ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਭੱਦਲਵੱਡ ਨਜ਼ਦੀਕ ਰਿਲਾਇੰਸ ਪੈਟਰੋਲ ਪੰਪ ਅੱਗੇ ਬੀਕੇਯੂ (ਉਗਰਾਹਾਂ) ਦੀ ਅਗਵਾਈ ਹੇਠ ਪੱਕਾ ਧਰਨਾ ਵੀ ਜਾਰੀ ਰਿਹਾ।