ਪੱਤਰ ਪੇ੍ਰਕ
ਗੋਨਿਆਣਾ ਮੰਡੀ, 9 ਮਾਰਚ
ਜ਼ਿਲ੍ਹੇ ਦਾ ਪਿੰਡ ਮਹਿਮਾ ਸਰਕਾਰੀ ਵਿਖੇ ਅੱਜ ਕਿਸਾਨੀ ਅੰਦੋਲਨ ਲਈ 7ਵਾਂ ਜਥੇ ਪਿੰਡ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਅਤੇ ਐਨ.ਆਰ.ਆਈ ਜਸਵਿੰਦਰ ਸਿੰਘ ਬਰਾੜ ਨੇ ਰਵਾਨਾ ਕੀਤਾ। ਇਸ ਮੌਕੇ ਐਨ.ਆਰ.ਆਈ ਮਾਸਟਰ ਜਸਵਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਲਗਾਤਾਰ ਇੱਕ ਮਹੀਨਾ ਆਪਣੇ ਖ਼ਰਚੇ ਤੇ ਇਨੋਵਾ ਗੱਡੀ ਦਿੱਲੀ ਲਈ ਰਵਾਨਾ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਵੱਲੋਂ ਕਿਸਾਨ ਅੰਦੋਲਨ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਆਪਣੇ ਖ਼ਰਚੇ ’ਤੇ ਗੱਡੀ ਭੇਜੀ ਜਾਂਦੀ ਰਹੀ ਹੈ। ਅੱਜ 7 ਜਥਾ ਗੁਰੂ ਘਰੋਂ ਅਰਦਾਸ ਕਰ ਕੇ ਦਿੱਲੀ ਲਈ ਰਵਾਨਾ ਹੋਇਆ ਜਿਸ ਵਿਚ ਮਾਸਟਰ ਜਸਵਿੰਦਰ ਸਿੰਘ ਬਰਾੜ, ਸੁਖਮੰਦਰ ਸਿੰਘ, ਜਸਕਰਨ ਸਿੰਘ ਜੱਸੀ, ਬਿੰਦਰ ਸਿੰਘ ਮਾਨ, ਗੀਤਾ ਸਿੰਘ ਰੋਮਾਣਾ, ਨਿਰਮਲ ਸਿੰਘ ਰੋਮਾਣਾ ਸ਼ਾਮਿਲ ਹਨ । ਜਥੇ ਰਵਾਨਾ ਕਰਨ ਮੌਕੇ ਦਾਨੀ ਸੱਜਣ ਮੋਹਤਵਾਰਾਂ ਨੇ 5 ਹਜਾਰ ਰੁਪਏ ਵੀ ਦਿੱਤੇ।
ਸੰਯੁਕਤ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਮੋਟਰਸਾਈਕਲ ਮਾਰਚ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਬਲਾਕ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਪਿੰਡ ਵਿੱਚ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ। ਸੰਯੁਕਤ ਕਿਸਾਨ ਮੋਰਚੇ ਨੂੰ ਮਜਬੂਤ ਕਰਨ, ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਨੂੰ ਸਫਲ ਬਣਾਉਣ ਲਈ ਕੱਢਿਆ ਗਿਆ ਮਾਰਚ ਮੋਟਰ ਸਾਈਕਲ ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮੇਤ ਮਾਰਚ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਸੀ। ਬੱਧਨੀ ਕਲਾਂ ਤੋਂ ਸ਼ੁਰੂ ਹੋ ਕੇ ਮੱਲੇਆਣਾ, ਲੋਪੋ, ਮੀਨੀਆਂ, ਬੌਡੇ, ਨੰਗਲ, ਰਣਸੀਂਹ ਕਲਾਂ, ਧੂੜਕੋਟ, ਨਿਹਾਲ ਸਿੰਘ ਵਾਲਾ, ਰਣਸੀਂਹ ਖੁਰਦ, ਛੋਟੇ ਰਾਉਕੇ, ਰਾਉਕੇ ਕਲਾਂ ਤੋਂ ਬੱਧਨੀ ਕਲਾ ਸਮਾਪਤ ਹੋਏ ਮਾਰਚ ਦੀ ਅਗਵਾਈ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਅਤੇ ਕਿਰਤੀ ਕਿਸਾਨ ਯੂਨੀਅਨ ਬਲਕਰਨ ਸਿੰਘ ਮੱਲੇਆਣਾ ਅਤੇ ਜਗਰੂਪ ਸਿੰਘ ਰਾਉਕੇ ਕਲਾਂ ਨੇ ਕੀਤੀ। ਇਸ ਦੌਰਾਨ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੇਅੰਤ ਸਿੰਘ ਮੱਲੇਆਣਾ ਅਤੇ ਜਪਨਾਮ ਸਿੰਘ ਡਾਲਾ, ਗੁਰਜੰਟ ਸਿੰਘ ਮੱਲੇਆਣਾ, ਊਧਮ ਸਿੰਘ, ਸਤਨਾਮ ਸਿੰਘ ਨੇ ਸੰਬੋਧਨ ਕੀਤਾ।