ਪਰਸ਼ੋਤਮ ਬੱਲੀ
ਬਰਨਾਲਾ, 3 ਸਤੰਬਰ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲੱਗਾ ਸਾਂਝਾ ਕਿਸਾਨ ਧਰਨਾ ਅੱਜ ਮੀਂਹ ਦੇ ਬਾਵਜੂਦ ਪੂਰੇ ਜੋਸ਼ ‘ਚ ਮਘਦਾ ਰਿਹਾ। ਅੱਜ ਬਰਨਾਲਾ ’ਚ ਸਵੇਰੇ ਤੋਂ ਹੀ ਮੀਂਹ ਵਰ੍ਹਦਾ ਰਿਹਾ ਪਰ ਕਿਸਾਨ ਮਰਦ ਤੇ ਔਰਤਾਂ ਪਹਿਲਾਂ ਦੀ ਹੀ ਤਰ੍ਹਾਂ ਵੱਡੀ ਗਿਣਤੀ ‘ਚ ਧਰਨੇ ਲਈ ਪਹੁੰਚੇ। ਕੱਲ੍ਹ ਪੰਜਾਬ ਪੁਲੀਸ ਵੱਲੋਂ ਮੋਗਾ ਵਿਖੇ ਕਿਸਾਨਾਂ ‘ਤੇ ਲਾਠੀਚਾਰਜ ਦੀ ਚਰਚਾ ਤੇ ਸਖ਼ਤ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹਰਿਆਣਾ ਪੁਲਿਸ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ ਤੋਂ ਬਾਅਦ ਪੰਜਾਬ ਪੁਲੀਸ ਨੇ ਵੀ ਉਹੀ ਕਾਰਾ ਕੱਲ੍ਹ ਮੋਗੇ ਵਿਖੇ ਕੀਤਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ,ਬੂਟਾ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਬੂਟਾ ਸਿੰਘ ਫਰਵਾਹੀ, ਮਨਜੀਤ ਰਾਜ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ, ਰਣਜੀਤ ਸਿੰਘ ਮੌੜ, ਮਨਜੀਤ ਕੌਰ ਖੁੱਡੀ ਕਲਾਂ ਨੇ ਸੰਬੋਧਨ ਕੀਤਾ। ਰਾਜਵਿੰਦਰ ਸਿੰਘ ਮੱਲ੍ਹੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ-ਗਾਇਣ ਕੀਤਾ ਤੇ ਨਰਿੰਦਰਪਾਲ ਸਿੰਗਲਾ ਨੇ ਕਵਿਤਾ-ਪਾਠ ਕੀਤਾ।