ਜਸਵੰਤ ਜੱਸ
ਫ਼ਰੀਦਕੋਟ, 28 ਜੂਨ
ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ’ਚ ਪਾਣੀ ਸੰਕਟ ਦੇ ਹੱਲ ਲਈ 30 ਜੂਨ ਨੂੰ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਸਾਦਿਕ ਬਲਾਕ ਕਮੇਟੀ ਦੀ ਮੀਟਿੰਗ ਕਰ ਕੇ ਪਿੰਡ ਇਕਾਈਆਂ ਦੀਆਂ ਮੁਜ਼ਾਹਰੇ ਸਬੰਧੀ ਡਿਊਟੀਆਂ ਲਾਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਸਕੱਤਰ ਸਰਦੂਲ ਸਿੰਘ ਕਾਸਿਮਭੱਟੀ ਅਤੇ ਬਲਾਕ ਪ੍ਰਧਾਨ ਰਾਜਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਬਾਹਰ ਜਾ ਰਿਹਾ ਹੈ ਤੇ ਪੰਜਾਬ ਦੀਆਂ ਨਹਿਰਾਂ ਜ਼ਿਆਦਾ ਸਮਾਂ ਬੰਦ ਰਹਿੰਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਾਰਾ ਸਾਲ ਪੰਜਾਬ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਅਤੇ ਜਿਨ੍ਹਾਂ ਇਲਾਕਿਆਂ ’ਚ ਨਹਿਰੀ ਪਾਣੀ ਨਹੀਂ ਪਹੁੰਚਦਾ, ਉਨ੍ਹਾਂ ਪਿੰਡਾਂ ਲਈ ਨਹਿਰੀ ਢਾਂਚਾ ਵਿਕਸਿਤ ਕੀਤਾ ਜਾਵੇ। ਮੋਘਿਆਂ ਦੇ ਮੁੱਢ ਵਿੱਚ ਰੀਚਾਰਜ ਪੁਆਇੰਟ ਬਣਾਏ ਜਾਣ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਪੂਰੀ ਨਾ ਹੋਣ ਦੀ ਸੂਰਤ ਵਿੱਚ ਪਾਣੀ ਰੀਚਾਰਜ ਪੁਆਇੰਟ ਵਿੱਚ ਡਿੱਗਦਾ ਰਹੇ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਓੁੱਪਰ ਆ ਸਕੇ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਲ ਰਿਪੇਰੀਅਨ ਕਾਨੂੰਨ ਤਹਿਤ ਕੀਤਾ ਜਾਵੇ ਤੇ ਪੰਜਾਬ ਦੇ ਦਰਿਆਈ ਪਾਣੀਆਂ ’ਚ ਲੁਧਿਆਣੇ ਦੀ ਇੰਡਸਟਰੀ ਸਮੇਤ ਸਮੁੱਚੀ ਇੰਡਸਟਰੀ ਦੁਆਰਾ ਸੁੱਟਿਆ ਜਾਂਦਾ ਜ਼ਹਿਰੀਲਾ ਮਾਦਾ ਸਖ਼ਤੀ ਨਾਲ ਰੋਕਿਆ ਜਾਵੇ। ਰਾਜਿੰਦਰ ਸਿੰਘ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਪ੍ਰਦਰਸ਼ਨ ਵਿੱਚ ਪੁੱਜਣ ਦੀ ਅਪੀਲ ਕੀਤੀ।
ਕਿਸਾਨ ਔਰਤਾਂ ਨੂੰ ਚੰਡੀਗੜ੍ਹ ਮੁਜ਼ਾਹਰੇ ਲਈ ਸੱਦਾ
ਭੁੱਚੋ ਮੰਡੀ(ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਵੱਲੋਂ ਪਿੰਡ ਭੁੱਚੋ ਖੁਰਦ ਵਿੱਚ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ 30 ਜੂਨ ਨੂੰ ਚੰਡੀਗੜ੍ਹ ਵਿੱਚ ਕੀਤੇ ਜਾਣ ਵਾਲੇ ਮੁਜ਼ਾਹਰੇ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਇਕਾਈ ਦੀ ਪ੍ਰਧਾਨ ਮਨਜੀਤ ਕੌਰ ਪਿਆਰੋ ਅਤੇ ਸਕੱਤਰ ਹਰਪ੍ਰੀਤ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਪਾਣੀਆਂ ਤੇ ਆਪਣਾ ਕੰਟਰੋਲ ਕਰਕੇ ਸੂਬੇ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਹੀ ਹੈ। ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਭਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਦੇ ਹਰ ਖੇਤ ਤੱਕ ਨਹਿਰੀ ਪਾਣੀ ਦੀ ਪਹੁੰਚ, ਖ਼ਸਤਾਹਾਲ ਰਜਵਾਹਿਆਂ ਅਤੇ ਖਾਲਿਆਂ ਦੀ ਮੁਰੰਮਤ ਯਕੀਨੀ ਬਣਾਈ ਜਾਵੇ।