ਪੱਤਰ ਪ੍ਰੇਰਕ
ਡੱਬਵਾਲੀ, 28 ਸਤੰਬਰ
ਪਿੰਡ ਡੱਬਵਾਲੀ ਵਿੱਚ ਇੱਕ ਔਰਤ ਵੱਲੋਂ ਭਾਣਜੇ ਅਤੇ ਤਿੰਨ-ਚਾਰ ਵਿਅਕਤੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਪਤੀ ਦੀ ਹੱਤਿਆ ਕਰ ਦਿੱਤੀ। ਸਿਟੀ ਪੁਲੀਸ ਨੇ ਮ੍ਰਿਤਕ ਦੂਨੀ ਚੰਦ ਦੀ ਮਾਂ ਦੇ ਬਿਆਨਾਂ ‘ਤੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਪਿੰਡ ਡੱਬਵਾਲੀ ਦਾ ਕਰੀਬ 30 ਸਾਲਾ ਵਿਅਕਤੀ ਦੂਨੀ ਚੰਦ ਮਜ਼ਦੂਰੀ ਕਰਕੇ ਜ਼ਿੰਦਗੀ ਬਸਰ ਕਰਦਾ ਸੀ। ਸਿਟੀ ਪੁਲੀਸ ਨੂੰ ਉਸ ਦੀ ਪਤਨੀ ਸੁਮਨ ਨੇ ਅੱਜ ਸੂਚਨਾ ਦਿੱਤੀ ਕਿ ਦੂਨੀ ਚੰਦ ਰਾਤ ਨੂੰ ਸ਼ਰਾਬ ਦੇ ਨਸ਼ੇ ‘ਚ ਧੁੱਤ ਘਰ ਆਇਆ ਸੀ। ਉਸ ਦੇ ਪਿੱਛੇ ਘਰ ਵਿੱਚ ਤਿੰਨ-ਚਾਰ ਲੜਕੇ ਆਏ ਜਿਨ੍ਹਾਂ ਨੇ ਦੁਨੀ ਚੰਦ ਦੇ ਮਾਰ-ਕੁੱਟ ਕੀਤੀ। ਗੰਭੀਰ ਸੱਟਾਂ ਵੱਜਣ ਕਰਕੇ ਉਸ ਦੀ ਮੌਤ ਹੋ ਗਈ। ਮਾਮਲੇ ਦੀ ਪੜਤਾਲ ਕਰ ਰਹੇ ਸਿਟੀ ਥਾਣੇ ਦੇ ਏ.ਐਸ.ਆਈ. ਕਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੂਨੀ ਚੰਦ ਦੀ ਮਾਤਾ ਰਾਣੀ ਕੌਰ ਨੇ ਪੁਲੀਸ ਨੂੰ ਬਿਆਨ ਦਿੱਤਾ ਕਿ ਉਸ ਦੇ ਪੁੱਤਰ ਦੂਨੀ ਚੰਦ ਦੀ ਹੱਤਿਆ ਸੁਮਨ, ਉਸ ਦੇ ਭਾਣਜੇ ਜਗਬੀਰ ਵਾਸੀ ਪੰਜਾਬ ਖੇਤਰ ਅਤੇ ਤਿੰਨ-ਚਾਰ ਹੋਰ ਜਣਿਆਂ ਨਾਲ ਮਿਲ ਕੇ ਕੀਤੀ ਹੈ ਜਿਸ ਦੇ ਆਧਾਰ ‘ਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।