ਲਖਵੀਰ ਸਿੰਘ ਚੀਮਾ
ਟੱਲੇਵਾਲ, 21 ਸਤੰਬਰ
ਪਿੰਡ ਸੱਦੋਵਾਲ ਵਿਚੋਂ ਅਗਵਾ ਹੋਈ ਮਾਂ-ਧੀ ਦੇ ਮਾਮਲੇ ਵਿੱਚ ਪੰਜਵੇਂ ਦਿਨ ਵੀ ਪੁਲੀਸ ਦੇ ਹੱਥ ਕੁਝ ਨਹੀਂ ਲੱਗਿਆ। ਉਧਰ ਪੀੜਤ ਪਰਿਵਾਰ ਦੇ ਹੱਕ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਥਾਣਾ ਟੱਲੇਵਾਲ ਅੱਗੇ ਬੀਤੀ ਰਾਤ ਤੋਂ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਆਗੂ ਸੁਖਦੇਵ ਸਿੰਘ ਭੋਤਨਾ ਅਤੇ ਗੁਰਨਾਮ ਸਿੰਘ ਫੌਜੀ ਨੇ ਕਿਹਾ ਕਿ ਅੱਜ ਵੀ ਪੁਲੀਸ ਨੇ ਪੀੜਤਾਂ ਨੂੰ ਲੱਭਣ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਲਾਰਾ ਲਾ ਕੇ ਦਿਨ ਲੰਘਾ ਦਿੱਤਾ।
ਉਨ੍ਹਾਂ ਕਿਹਾ ਕਿ ਭਲਕੇ ਬੁੱਧਵਾਰ ਨੂੰ ਜਥੇਬੰਦੀਆਂ ਵੱਲੋਂ ਇਸਦੇ ਰੋਸ ਵਿੱਚ ਪਿੰਡ ਟੱਲੇਵਾਲ, ਰਾਮਗੜ੍ਹ ਤੋਂ ਇਲਾਵਾ ਮੁਲਜ਼ਮ ਦੇ ਪਿੰਡ ਹਿੰਮਤਪੁਰਾ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਂ-ਧੀ ਨੂੰ ਲੱਭ ਕੇ ਪੁਲੀਸ ਸਾਹਮਣੇ ਨਹੀਂ ਲਿਆਉਂਦੀ, ਓਨਾ ਸਮਾਂ ਥਾਣੇ ਅੱਗੇ ਦਿਨ ਰਾਤ ਪੱਕਾ ਮੋਰਚਾ ਜਾਰੀ ਰਹੇਗਾ। ਥਾਣਾ ਟੱਲੇਵਾਲ ਦੇ ਐੱਸਐੱਚਓ ਮੁਨੀਸ਼ ਕੁਮਾਰ ਨੇ ਕਿਹਾ ਕਿ ਅੱਜ ਮੋਗਾ ਅਦਾਲਤ ਵਿੱਚ ਮੁਲਜ਼ਮ ਅਤੇ ਅਗਵਾ ਔਰਤ ਦੇ ਮਾਮਲੇ ਦੀ ਅਹਿਮ ਪੇਸ਼ੀ ਸੀ। ਪੁਲੀਸ ਵੱਲੋਂ ਮੋਗਾ ਅਦਾਲਤ ਵਿੱਚ ਮੁਲਜ਼ਮ ਦੀ ਤਲਾਸ਼ ਜਾਰੀ ਰੱਖੀ ਗਈ। ਪਰ ਮੁਲਜ਼ਮ ਅਦਾਲਤ ਵਿੱਚ ਹਾਜ਼ਰ ਨਹੀਂ ਹੋਇਆ। ਉਨ੍ਹਾਂ ਕਿਹਾ ਪੁਲੀਸ ਅਗਵਾ ਮਾਂ ਧੀ ਅਤੇ ਮੁਲਜ਼ਮ ਦੀ ਭਾਲ ਲਈ ਹਰ ਵਾਹ ਲਗਾ ਰਹੀ ਹੈ।
ਜਬਰ-ਜਨਾਹ ਮਾਮਲਾ: ਅਦਾਲਤ ’ਚ ਪੇਸ਼ ਨਾ ਹੋਇਆ ਮੁਲਜ਼ਮ
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ਦੇ ਸਿਹਤ ਵਿਭਾਗ ਵਿੱਚ ਤਾਇਨਾਤ ਇੱਕ ਮਹਿਲਾ ਮੁਲਾਜ਼ਮ ਨਾਲ ਜਬਰ ਜਨਾਹ ਅਤੇ ਨੈੱਟ ਉੱਤੇ ਤਸਵੀਰਾਂ ਪਾਉਣ ਦੀ ਧਮਕੀ ਦੇ ਕੇ ਕਥਿਤ ਬਲੈਕਮੇਲ ਕਰਕੇ ਲੱਖਾਂ ਰੁਪਏ ਬਟੋਰਨ ਦੇ ਦੋਸ਼ਾਂ ’ਚ ਘਿਰਿਆ ਜ਼ਿਲ੍ਹਾ ਮੋਗਾ ਦੇ ਤਤਕਾਲੀ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਰੁਣ ਜੋਸ਼ੀ ਖ਼ਿਲਾਫ਼ ਥਾਣਾ ਟੱਲੇਵਾਲ ਵਿਖੇ ਪੀੜਤ ਅਤੇ ਉਸ ਦੀ 7 ਸਾਲਾ ਦੀ ਧੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਦਰਜ ਹੋਈ ਐੱਫਆਈਆਰ ਤੋਂ ਬਾਅਦ ਸਥਾਨਕ ਅਦਾਲਤ ਵਿੱਚ ਪੇਸ਼ ਨਾ ਹੋਇਆ। ਇਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅੰਜਨਾ ਦੀ ਅਦਾਲਤ ਵਿੱਚ ਮੁਲਜ਼ਮ ਦੀ ਪੇਸ਼ੀ ਸੀ। ਅਦਾਲਤ ਵਿਚ ਮੁਲਜ਼ਮ ਵਰੁਣ ਜੋਸ਼ੀ ਪੇਸ਼ ਨਾ ਹੋਣ ਉੱਤੇ ਅਦਾਲਤ ਨੇ ਅਗਲੀ ਸੁਣਵਾਈ ਲਈ 30 ਸਤੰਬਰ ਤੈਅ ਕਰਦਿਆਂ ਮੁਲਜ਼ਮ ਨੂੰ ਤਲਬੀ ਨੋਟਿਸ ਜਾਰੀ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਫ਼ਰੀਦਕੋਟ ਰੇਂਜ ਦੇ ਤਤਕਾਲੀ ਆਈਜੀ ਦੀ ਅਗਵਾਈ ਹੇਠਲੀ ਜਾਂਚ ਟੀਮ ਨੇ ਮੁਲਜ਼ਮ ਅਤੇ ਸ਼ਿਕਾਇਤਕਰਤਾ ਦਰਮਿਆਨ ਦੋਸਤਾਨਾ ਸਬੰਧ ਹੋਣ ਦੀ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਸੀ। ਇਸ ਮਗਰੋਂ ਨੇ ਸ਼ਿਕਾਇਤਾਕਰਤਾ ਸਰਕਾਰੀ ਮੁਲਾਜ਼ਮ ਦੀ ਸੀਬੀਆਈ ਜਾਂਚ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ।