ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਦਸੰਬਰ
ਇਥੇ ਸਿਵਲ ਹਸਪਤਾਲ ਵਿੱਚੋਂ ਪਰਿਵਾਰ ਨਿਯੋਜਨ ਤਹਿਤ ਅਪਰੇਸ਼ਨ ਕਰਵਾਉਣ ਆਈ ਔਰਤ ਦਾ ਸ਼ਨਿਚਰਵਾਰ ਨੂੰ ਚੋਰੀ ਕੀਤਾ 8 ਮਹੀਨੇ ਦਾ ਬੱਚਾ ਪੁਲੀਸ ਨੇ ਲੰਘੀ ਅੱਧੀ ਰਾਤ ਖਰੀਦਦਾਰ ਕੋਲੋਂ ਬਰਾਮਦ ਕਰ ਲਿਆ ਹੈ।
ਇਥੇ ਪ੍ਰੈਸ ਕਾਨਫਰੰਸ ਵਿੱਚ ਐੱਸਪੀ (ਡੀ) ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਰੌਂਤਾ ਦਾ ਮਜ਼ਦੂਰ ਕਰਮਜੀਤ ਸਿੰਘ ਉਰਫ਼ ਖੰਨਾ ਆਪਣੀ ਮਾਂ ਨਾਲ ਆਪਣੀ ਪਤਨੀ ਸਿਮਰਨ ਕੌਰ ਦਾ ਸਿਵਲ ਹਸਪਤਾਲ ’ਚੋਂ ਪਰਿਵਾਰ ਨਿਯੋਜਨ ਤਹਿਤ ਅਪਰੇਸ਼ਨ ਕਰਵਾਉਣ ਆਇਆ ਸੀ। ਅਪਰੇਸ਼ਨ ਤੋਂ ਬਾਅਦ ਔਰਤ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ। ਇਸ ਦੌਰਾਨ ਉਸ ਕੋਲ ਖੇਡ ਰਹੇ ਉਸ ਦੇ 8 ਮਹੀਨੇ ਦੇ ਪੁੱਤਰ ਅਭੀਜੋਤ ਸਿੰਘ ਨੂੰ ਅਗਵਾ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਲੰਘੀ ਅੱਧੀ ਰਾਤ ਬੱਚਾ ਬਰਾਮਦ ਕਰ ਲਿਆ। ਇਸ ਮੌਕੇ ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਥਾਣਾ ਸਿਟੀ ਦੱਖਣੀ ਐੱਸਐੱਚਓ ਇੰਸਪੈਕਟਰ ਲਛਮਣ ਸਿੰਘ ਢਿੱਲੋਂ, ਥਾਣਾ ਸਿਟੀ ਮੁਖੀ ਇੰਸਪੈਕਟਰ ਚੰਨਣ ਸਿੰਘ ਅਤੇ ਥਾਣੇਦਾਰ ਬਲਵਿੰਦਰ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਬਾਅਦ ਜਲੰਧਾਂ ਸਿੰਘ ਪਿੰਡ ਦਬੜੀਖਾਨਾ ਜ਼ਿਲ੍ਹਾ ਫ਼ਰੀਦਕੋਟ ਨੂੰ ਵੇਚ ਦਿੱਤਾ ਗਿਆ ਸੀ। ਪੁਲੀਸ ਦੇ ਦਬਾਅ ਕਾਰਨ ਖਰੀਦਦਾਰ ਨੇ ਬੱਚਾ ਪੁਲੀਸ ਨੂੰ ਸੌਂਪ ਦਿੱਤਾ। ਉਨ੍ਹਾਂ ਦੱਸਿਆ ਅਗਵਾਕਾਰ ਦੀ ਪਛਾਣ ਵਿਸ਼ਾਲ ਕੁਮਾਰ ਉਰਫ਼ ਬੌਬੀ ਵਾਸੀ ਮੋਗਾ ਵਜੋਂ ਹੋਈ ਹੈ ਅਤੇ ਇੱਕ ਔਰਤ ਮਨਪ੍ਰੀਤ ਕੌਰ ਨਾਲ ਬੱਚੇ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਨ੍ਹਾਂ ਦੋਨਾ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਾ ਖਰੀਦਣ ਵਾਲੇ ਜਲੰਧਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਮੁਢਲੀ ਪੁੱਛਗਿੱਛ ਵਿੱਚ ਦੱਸਿਆ ਕਿ ਉਸ ਦੇ ਕੋਈ ਔਲਾਦ ਨਹੀਂ ਹੈ ਅਤੇ ਮੁਲਜ਼ਮ ਵਿਸ਼ਾਲ ਕੁਮਾਰ ਨਾਲ ਬੱਚੇ ਦਾ ਇੱਕ ਲੱਖ ਰੁਪਏ ਵਿੱਚ ਸੌਦਾ ਹੋਇਆ ਸੀ। ਉਸ ਨੇ ਆਨਲਾਈਨ ਖਾਤੇ ਵਿੱਚ ਐਡਵਾਂਸ ਰਾਸ਼ੀ ਮੁਲਜ਼ਮ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਸੀ। ਉਨ੍ਹਾਂ ਕਿਹਾ ਕਿ ਫ਼ਰਾਰ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਤੋਂ ਪੁਲੀਸ ਮੁਲਜ਼ਮਾਂ ਦੀ ਪੈੜ ਨੱਪਣ ਵਿੱਚ ਸਫ਼ਲ ਰਹੀ।