ਇਕਬਾਲ ਸਿੰਘ ਸ਼ਾਂਤ
ਡੱਬਵਾਲੀ/ਲੰਬੀ, 12 ਮਈ
ਸੀ.ਆਈ.ਏ. ਸਟਾਫ਼ ਡੱਬਵਾਲੀ ਨੇ ਪੰਚਾਇਤ ਸਮਿਤੀ ਲੰਬੀ ਦੇ ਮੈਂਬਰ ਅਜੈ ਖਰੌੜ ਅਤੇ ਉਸਦੇ ਦੋ ਸਾਥੀਆਂ ਨੂੰ ਅੱਠ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸਨੇ ਅਕਾਲੀ ਦਲ ਦੀ ਟਿਕਟ ’ਤੇ ਮੰਡੀ ਕਿੱਲਿਆਂਵਾਲੀ ਜ਼ੋਨ ਤੋਂ ਪੰਚਾਇਤ ਸਮਿਤੀ ਚੋਣ ਜਿੱਤੀ ਸੀ। ਉਹ ਜੁਲਾਈ 2019 ਵਿੱਚ 275 ਗ੍ਰਾਮ ਚਿੱਟਾ (ਹੈਰੋਇਨ) ਸਪਲਾਈ ਕਰਨ ਦੇ ਮਾਮਲੇ ’ਚ ਸਦਰ ਬਠਿੰਡਾ ਪੁਲੀਸ ਅੜਿੱਕੇ ਚੜ੍ਹਿਆ ਸੀ। ਜ਼ਿਕਰਯੋਗ ਹੈ ਕਿ ਆਮ ਚਰਚਾ ਸੀ ਕਿ ਜ਼ਮਾਨਤ ’ਤੇ ਆਉਣ ਉਪਰੰਤ ਅਜੈ ਖਰੋੜ ਚਿੱਟੇ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ। ਮੰਡੀ ਕਿੱਲਿਆਂਵਾਲੀ ਦੇ ਲੋਕਾਂ ਵੱਲੋਂ ਸੂਚਨਾ ਦੇ ਬਾਵਜੂਦ ਪੰਜਾਬ ਪੁਲੀਸ ਨੇ ਅਜੈ ਖਰੌੜ ਨੂੰ ਕਾਬੂ ਕਰਨ ’ਚ ਅਸਫ਼ਲ ਰਹੀ। ਜਦੋਂਕਿ ਹਰਿਆਣਾ ਪੁਲੀਸ ਨੇ ਪਹਿਲਕਦਮੀ ਕਰਦੇ ਅਜੈ ਖਰੌੜ ਨੂੰ ਚਿੱਟੇ ਸਮੇਤ ਕਰ ਲਿਆ। ਹਾਲਾਂਕਿ ਗ੍ਰਿਫ਼ਤਾਰੀ ਸਮੇਂ ਉਸ ਕੋਲੋਂ ਸਿਰਫ਼ ਅੱਠ ਗ੍ਰਾਮ ਚਿੱਟਾ ਹੀ ਬਰਾਮਦ ਹੋ ਸਕਿਆ।
ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਸਮੇਂ ਅਜੈ ਖਰੌੜ ਅਤੇ ਉਸਦੇ ਸਾਥੀ ਮੋਟਰਸਾਈਕਲ ’ਤੇ ਮੰਡੀ ਕਿੱਲਿਆਂਵਾਲੀ ਵੱਲੋਂ ਡੱਬਵਾਲੀ ’ਚ ਪੰਚਮੁਖੀ ਮੰਦਰ ਵੱਲ ਜਾ ਰਹੇ ਸਨ। ਅੱਗੇ ਪੁਲੀਸ ਦੀ ਗੱਡੀ ਆਉਂਦੀ ਵੇਖ ਮੋਟਰਸਾਈਕਲ ਰੋਕ ਕੇ ਵਾਪਸ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਮਲੇ ਨੇ ਤਿੰਨੇ ਜਣਿਆਂ ਨੂੰ ਕਾਬੂ ਕਰ ਲਿਆ। ਪੁਲੀਸ ਟੀਮ ਨੂੰ ਅਜੈ ਖਰੌੜ ਦੀ ਜੇਬ੍ਹ ਵਿੱਚੋਂ ਚਿੱਟਾ ਬਰਾਮਦ ਹੋਇਆ। ਪੁਲੀਸ ਪੁੱਛਗਿੱਛ ’ਚ ਮੁਲਜ਼ਮਾਂ ਦੀ ਸ਼ਨਾਖ਼ਤ ਅਜੈ ਕੁਮਾਰ ਖਰੌੜ ਪੁੱਤਰ ਓਮ ਪ੍ਰਕਾਸ਼, ਸੰਦੀਪ ਖਾਨ ਪੁੱਤਰ ਚਾਣਨ ਖਾਨ ਵਾਸੀ ਦੇਸੂਜੋਧਾ ਤੇ ਵੀਰ ਚੰਦ ਉਰਫ਼ ਭੋਲੂ ਪੁੱਤਰ ਭਗਤਰਾਮ ਵਾਸੀ ਵਾਰਡ 4 ਮੰਡੀ ਕਿੱਲਿਆਂਵਾਲੀ ਵਜੋਂ ਹੋਈ। ਪੁਲੀਸ ਜਾਂਚ ’ਚ ਅਜੈ ਨੇ ਕਬੂਲਿਆ ਕਿ ਇਹ ਚਿੱਟਾ ਉਹ ਤਰਨਤਾਰਨ ਵਾਸੀ ਸਾਜਨ ਤੋਂ ਲਿਆਇਆ ਹੈ। ਸਿਟੀ ਪੁਲੀਸ ਨੇ ਅਜੈ ਕੁਮਾਰ, ਸੰਦੀਪ ਖਾਨ, ਵੀਰਚੰਦ ਚੰਦ ਤੇ ਸਾਜਨ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਮਜ਼ਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਨਸ਼ਿਆਂ ਖ਼ਿਲਾਫ਼ ਧਰਨਾ ਦੇਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ਬੀਤੇ ਦਿਨੀ ਪਿੰਡ ਭੰਗਚੜ੍ਹੀ ਦੇ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਮਗਰੋਂ ਪੀੜਤ ਪਰਿਵਾਰ ਤੇ ਆਮ ਲੋਕਾਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਦੇਣ ਵਾਲੇ 50 ਦੇ ਕਰੀਬ ਮੁਜ਼ਾਹਰਾਕਾਰੀਆਂ ਜਿਸ ਵਿੱਚ ਔਰਤਾਂ ਵੀ ਹਨ, ਖ਼ਿਲਾਫ਼ ਥਾਣਾ ਸਦਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਮੁਜ਼ਾਹਰਾਕਾਰੀਆਂ ਅਤੇ ਮਜ਼ਦੂਰ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਕਾ ਸਿੰਘ ਖੁੰਡੇ ਹਲਾਲ, ਗੁਰਜੰਟ ਸਿੰਘ ਸਾਉਂਕੇ, ਜਸਵਿੰਦਰ ਕੌਰ, ਨੌਜਵਾਨ ਭਾਰਤ ਸਭਾ ਦੇ ਮੰਗਾ ਸਿੰਘ ਆਜ਼ਾਦ ਆਦਿ ਨੇ ਮੰਗ ਕੀਤੀ ਹੈ ਕਿ ਮੁਜ਼ਾਹਰਾਕਾਰੀਆਂ ਖ਼ਿਲਾਫ਼ ਦਰਜ ਮੁਕੱਦਮਾ ਰੱਦ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਦੇ ਲੜਕੇ ਦੀ ਮੌਤ ਹੋਈ ਹੈ ਉਨ੍ਹਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਧਰਨਾ ਲਾਇਆ ਗਿਆ ਸੀ| ਪੁਲੀਸ ਵੱਲੋਂ ਧਰਨਾ ਲਾਉਣ ਉਪਰੰਤ ਧਾਰਾ ਵਿੱਚ ਤਬਦੀਲੀ ਵੀ ਕੀਤੀ ਹੈ ਪਰ ਹੁਣ ਉਲਟਾ ਮੁਜ਼ਾਹਰੇਕਾਰੀਆਂ ਖ਼ਿਲਾਫ਼ ਹੀ ਮੁਕੱਦਮਾ ਦਰਜ ਕਰ ਲਿਆ ਹੈ ਜੋ ਬਹੁਤ ਗਲਤ ਗੱਲ ਹੈ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੁਲੀਸ ਲੇ ਮੁਕੱਦਮੇ ਰੱਦ ਨਾ ਕੀਤੇ ਤਾਂ ਉਹ ਸਖਤ ਕਾਰਵਾਈ ਕਰਨਗੇੇ| ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲੀਸ ਨੇ ਪਿੰਡ ਭੰਗਚੜ੍ਹੀ ਥਾਣਾ ਸਦਰ ਵਿੱਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਮਹਾਸ਼ਾ ਸਿੰਘ ਸਮਾਘ, ਨਿੱਕਾ ਸਿੰਘ, ਜਸਕਰਨ ਸਿੰਘ, ਭਿੰਦਾ ਸਿੰਘ ਕੁਲਦੀਪ ਕੌਰ, 50 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਸਐੱਸਪੀ ਦਫ਼ਰਤ ਅੱਗੇ ਧਰਨਾ ਲਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ| ਇਸ ਦੌਰਾਨ ਮਲੋਟ ਦੇ ਡੀਐੱਸਪੀ ਵੱਲੋਂ ਜਥੇਬਸੰਦੀਆਂ ਦੇ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਕਤਲ ਦੇ ਦੋਸ਼ੀਆਂ ਖ਼ਿਲਾਫ਼ ਤਾਂ ਕੇਸ ਦਰਜ ਕਰਨਗੇ ਪਰ ਮੁਜ਼ਾਹਰਾਕਾਰੀਆਂ ਸਬੰਧੀ ਦਰਜ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨਗੇ।