ਪੱਤਰ ਪ੍ਰੇਰਕ
ਤਲਵੰਡੀ ਸਾਬੋ, 8 ਅਪਰੈਲ
ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਨਿਹੰਗ ਸਿੰਘਾਂ) ਵੱਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਇਲਾਵਾ ਵੀ ਸਮੂਹ ਨਿਹੰਗ ਸਿੰਘ ਛਾਉਣੀਆਂ ਵਿੱਚ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਪੁਰਾਤਨ ਪ੍ਰੰਪਰਾ ਅਨੁਸਾਰ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਅਪਰੈਲ ਨੂੰ ਗੁਰਮਤਿ ਸਮਾਗਮਾਂ ਦੇ ਆਰੰਭ ਦੀ ਅਰਦਾਸ ਹੋਵੇਗੀ ਅਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਅਤੇ ਸ੍ਰੀ ਸਰਬ ਲੋਹ ਦੇ ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 14 ਅਪਰੈਲ ਨੂੰ ਪਾਏ ਜਾਣਗੇ। ਇਸ ਉਪਰੰਤ ਬੁੱਢਾ ਦਲ ਦੇ ਪ੍ਰਚਾਰਕ, ਰਾਗੀ, ਢਾਡੀ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਕਥਾ ਦੀ ਸੇਵਾ ਨਿਭਾਉਣਗੇ। ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ 13 ਅਪਰੈਲ ਨੂੰ ਬੁੱਢਾ ਦਲ ਵੱਲੋਂ ਵਿਰਸਾ ਸੰਭਾਲ ਗਤਕਾ ਮੁਕਾਬਲੇ ਹੋਣਗੇ, ਜਿਨ੍ਹਾਂ ਵਿੱਚ ਦੇਸ਼ ਭਰ ਤੋਂ ਗਤਕਾ ਟੀਮਾਂ ਭਾਗ ਲੈਣਗੀਆਂ, ਜਦ ਕਿ 14 ਅਪਰੈਲ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ (ਨਿਹੰਗ ਸਿੰਘ) ਖਾਲਸਾਈ ਜਾਹੋ-ਜਲਾਲ ਨਾਲ ਮਹੱਲਾ ਕੱਢਣਗੀਆਂ।