ਜਗਤਾਰ ਅਨਜਾਣ/ਕੁਲਦੀਪ ਸਿੰਘ
ਮੌੜ ਮੰਡੀ, 16 ਫਰਵਰੀ
ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਡਾ. ਮੰਜੂ ਬਾਂਸਲ ਦੇ ਹੱਕ ’ਚ ਅੱਜ ਸਥਾਨਕ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਝੂਠ ਬੋਲ ਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਰਿਆਣੇ ਦਾ ਹੈ ਅਤੇ ਉਹ ਪੰਜਾਬ ਦੇ ਪਾਣੀ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਖੋਹਣ ਦੀ ਯੋਜਨਾ ਬਣਾ ਰਿਹਾ ਹੈ। ਮੁੱਖ ਮੰਤਰੀ ਨੇ ‘ਆਪ’ ਉਮੀਦਵਾਰ ਭਗਵੰਤ ਮਾਨ ’ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅਜਿਹਾ ਵਿਅਕਤੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਕੇ ਪੰਜਾਬ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਸਿੱਖਿਆ ਨੂੰ ਮੁਫ਼ਤ ਕੀਤਾ ਜਾਵੇਗਾ, ਬੀਸੀ ਕੈਟਾਗਿਰੀ ਅਤੇ ਜਨਰਲ ਕੈਟਾਗਿਰੀ ਦੇ ਮਿਡਲ ਕਲਾਸ ਦੇ ਵਿਦਿਆਰਥੀਆਂ ਨੂੰ ਵੀ ਸਕਾਲਰਸ਼ਿਪ ਦਿੱਤਾ ਜਾਵੇਗਾ ਅਤੇ ਗਰੀਬ ਪਰਿਵਾਰਾਂ ਨੂੰ 6 ਮਹੀਨਿਆਂ ’ਚ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਨੇ ਹਲਕਾ ਮੌੜ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਉਮੀਦਵਾਰ ਡਾ. ਮਨੋਜ ਬਾਲਾ ਮੰਜੂ ਬਾਂਸਲ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜਣ ਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ।
ਇਸੇ ਦੌਰਾਨ ਡਾ. ਮੰਜੂ ਬਾਂਸਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਹਲਕਾ ਮੌੜ ਅੰਦਰ ਰੁਜ਼ਗਾਰ ਦੇ ਸਾਧਨ, ਹਸਪਤਾਲ, ਸਿੱਖਿਆ, ਗਰੀਬਾਂ ਵਾਸਤੇ ਵੱਖਰਾ ਪੈਕੇਜ ਦਿੱਤਾ ਜਾਵੇ, ਤਾਂ ਜੋ ਹਲਕੇ ਦੀ ਤਰੱਕੀ ਹੋ ਸਕੇ। ਉਨ੍ਹਾਂ ਮੌੜ ਬੰਬ ਬਲਾਸਟ ਦੇ ਪੀੜਤਾਂ ਨੂੰ ਇਨਸਾਫ ਦੇਣ ਦੀ ਵੀ ਮੰਗ ਕੀਤੀ। ਡਾ. ਬਾਂਸਲ ਨੇ ਕਿਸਾਨੀ ਸੰਘਰਸ਼ ’ਚ ਅਹਿਮ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦੀ ਮੌਤ ’ਤੇ ਦੁੱਖ ਜਾਹਰ ਕੀਤਾ। ਇਸ ਮੌਕੇ ਫਿਲਮੀ ਅਦਾਕਾਰ ਯੋਗਰਾਜ ਸਿੰਘ, ਕਾਲਿਆਂਵਾਲੀ ਤੋਂ ਵਿਧਾਇਕ ਸੀਸ਼ਪਾਲ ਕੋਹਰਵਾਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਰੂਬਲ ਬਾਂਸਲ ਨੇ ਵੀ ਸੰਬੋਧਨ ਕੀਤਾ।
ਪਾਰਟੀ ਉਮੀਦਵਾਰ ਖ਼ਿਲਾਫ਼ ਨਾਅਰੇਬਾਜ਼ੀ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਉਮੀਦਵਾਰ ਮਨੋਜ ਬਾਲਾ ਬਾਂਸਲ ਦੇ ਹੱਕ ’ਚ ਰੈਲੀ ਤੋਂ ਕੁਝ ਸਮਾਂ ਪਹਿਲਾਂ ਗੁਰੂ ਨਾਨਕਪੁਰਾ ਮੁਹੱਲਾ ਵਾਸੀਆਂ ਵੱਲੋਂ ਮਨੋਜ ਬਾਲਾ ਦਾ ਭਾਰੀ ਵਿਰੋਧ ਕੀਤਾ ਗਿਆ ਅਤੇ ਮੌੜ ਦੇ ਬਜ਼ਾਰਾਂ ਵਿੱਚ ਰੋਸ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਜਦੋਂ ਇਹ ਲੋਕ ਰੈਲੀ ਵਾਲੀ ਸਥਾਨ ’ਤੇ ਪੁੱਜੇ ਤਾਂ ਉੱਥੇ ਹਾਜ਼ਰ ਕਾਂਗਰਸੀ ਵਰਕਰਾਂ ਨਾਲ ਝੜਪ ਹੋ ਗਈ। ਇਸ ਸਬੰਧੀ ਮੁਹੱਲਾ ਵਾਸੀ ਅਮਰੀਕ ਸਿੰਘ, ਰਵਿੰਦਰ ਸਿੰਘ, ਸੰਦੀਪ ਕੁਮਾਰ ਨੇ ਕਿਹਾ ਕਿ ਵਾਰਡ ਨੰਬਰ 6 ਵਿੱਚ ਬਾਜ਼ਾਰ ਨੂੰ ਜਾਣ ਵਾਲਾ ਰਸਤਾ ਪਾਰਟੀ ਉਮੀਦਵਾਰ ਨੇ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਲੀ ਨੂੰ ਬੰਦ ਕਰਨ ਸਮੇਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ। ਮੁਹੱਲਾ ਵਾਸੀਆਂ ਵੱਲੋਂ ਇਸ ਸਬੰਧੀ ਡੀਸੀ ਬਠਿੰਡਾ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਡੀਸੀ ਦਫ਼ਤਰ ਵੱਲੋਂ ਲਿਖਤੀ ਰੂਪ ਵਿੱਚ ਕਾਰਜਸਾਧਕ ਅਫ਼ਸਰ ਮੌੜ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਸੀ ਪਰ ਠੋਸ ਕਾਰਵਾੲਂ ਨਹੀਂ ਹੋਈ ਜਿਸ ਤੋਂ ਦੁੱਖੀ ਹੋ ਕੇ ਮੁਹੱਲਾ ਵੀਸੀਆਂ ਨੇ ਕਾਂਗਰਸੀ ਉਮੀਦਵਾਰ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਇਸ ਸਬੰਧੀ ਡਾਕਟਰ ਮਨੋਜ ਬਾਲਾ ਨਾਲ ਗੱਲ ਕਰਨੀ ਚਾਹੀ ਤਾਂ ਉਹ ਰੈਲੀ ਦੇ ਰੁਝੇਵੇਂ ਕਾਰਨ ਸੰਪਕਰ ਨਹੀਂ ਹੋ ਸਕਿਆ। ਇਸ ਸਬੰਧੀ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਇਥੇ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਫ਼ਿਰੋਜ਼ਪੁਰ ਛਾਉਣੀ ਵਿੱਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਚੰਨੀ ਅਤੇ ਵਿਧਾਇਕ ਪਿੰਕੀ ਨੇ ਇੱਕ ਗੱਡੀ ਵਿਚ ਸਵਾਰ ਹੋ ਕੇ ਛਾਉਣੀ ਦਾ ਗੇੜਾ ਲਾਇਆ ਤੇ ਉਸ ਮਗਰੋਂ ਮੁੱਖ ਮੰਤਰੀ ਅੱਗੇ ਰਵਾਨਾ ਹੋ ਗਏ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਹਲਕਾ ਤਲਵੰਡੀ ਸਾਬੋ ਤੋਂ ਪਾਰਟੀ ਉਮੀਦਵਾਰ ਖੁਸ਼ਬਾਜ਼ ਸਿੰਘ ਜਟਾਣਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ, ਪੰਜਾਬ ਜਾਂ ਹੋਰ ਲੋਕ ਵਿਰੋਧੀ ਲਏ ਫੈਸਲਿਆਂ ਦਾ ਹਮੇਸ਼ਾਂ ਸਵਾਗਤ ਕੀਤਾ ਹੈ ਤੇ ਕੇਜਰੀਵਾਲ ਦੀ ਅੱਖ ਪੰਜਾਬ ਦੇ ਪਾਣੀਆਂ ’ਤੇ ਹੈ। ਸ੍ਰੀ ਚੰਨੀ ਨੇ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਲੋਕ ਪੰਜਾਬ ਦੀ ਵਾਂਗਡੋਰ ਇਸ ਵਿਅਕਤੀ ਦੇ ਹੱਥ ਕਿਵੇਂ ਫੜਾ ਸਕਦੇ ਹਨ। ਉਨ੍ਹਾਂ ਨੇ ਖੁਸ਼ਬਾਜ਼ ਸਿੰਘ ਜਟਾਣਾ ਨੂੰ ਜਿਤਾਉਣ ਦੀ ਅਪੀਲ ਕੀਤੀ।
ਭੁੱਚੋ ਮੰਡੀ (ਪਵਨ ਗੋਇਲ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਭੁੱਚੋ ਮੰਡੀ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ 150 ਅਜਿਹੇ ਕੰਮ ਕੀਤੇ, ਜਿਸ ਨਾਲ ਪੰਜਾਬ ਦੇ ਹਰ ਵਰਗ ਨੂੰ ਵੱਡੀ ਰਾਹਤ ਮਿਲੀ ਹੈ। ਕਾਂਗਰਸ ਪਾਰਟੀ ਨੇ ਲੋਕਾਂ ਦੇ 1500 ਕਰੋੜ ਦੇ ਬਿਜਲੀ ਬਿੱਲ, 1250 ਕਰੋੜ ਦੇ ਜਲ ਘਰਾਂ ਦੇ ਬਿੱਲ ਅਤੇ ਕਰਜ਼ੇ ਆਦਿ ਮੁਆਫ਼ ਕੀਤੇ ਹਨ।
ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਨੂੰਹ ਵੱਲੋਂ ਚੋਣ ਪ੍ਰਚਾਰ
ਬਠਿੰਡਾ (ਮਨੋਜ ਸ਼ਰਮਾ): ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਸਰੂਪ ਸਿੰਗਲਾ ਦੀ ਨੂੰਹ ਗੁਰਰੀਤ ਸਿੰਗਲਾ ਨੂੰ ਗੁਰੂ ਨਾਨਕ ਨਗਰ ਵਾਸੀਆਂ ਨੇ ਸਟੇਸ਼ਨਰੀ ਨਾਲ ਤੋਲਿਆ ਅਤੇ ਬਾਅਦ ਵਿਚ ਇਹ ਸਟੇਸ਼ਨਰੀ ਬੱਚਿਆਂ ਨੂੰ ਵੰਡੀ ਗਈ। ਗੁਰਰੀਤ ਸਿੰਗਲਾ ਉਮੀਦਵਾਰ ਸਰੂਪ ਸਿੰਗਲਾ ਦੇ ਹੱਕ ਵਿਚ ਗੁਰੂ ਨਾਨਕ ਨਗਰ ਵਿੱਚ ਚੋਣ ਪ੍ਰਚਾਰ ਕਰਨ ਪੁੱਜੀ ਸੀ। ਇਸ ਮੌਕੇ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਰੂਪ ਚੰਦ ਸਿੰਗਲਾ ਵੱਲੋਂ ਕਰਵਾਏ ਵਿਕਾਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜਿਤਾਉਣ। ਉਹ ਸ਼ਹਿਰ ਵਿਚ ਫੈਲੇ ਨਸ਼ੇ ਦੇ ਜਾਲ ਨੂੰ ਖ਼ਤਮ ਕਰਨਗੇ ਤੇ ਸ਼ਹਿਰ ਦੇ ਵਿਕਾਸ ਨੂੰ ਦੁੱਗਣਾ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਰੀਤ ਸਿੰਗਲਾ ਨੇ ਭਗਵੰਤ ਮਾਨ ਦੀ ਬਠਿੰਡਾ ਫੇਰੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ‘ਆਪ’ ਦਾ ਵਜੂਦ ਖ਼ਤਮ ਹੋ ਚੁੱਕਾ ਹੈ ਅਤੇ ਭਗਵੰਤ ਮਾਨ ਅਤੇ ਮਨਪ੍ਰੀਤ ਬਾਦਲ ਰਲੇ ਹੋਏ ਹਨ।