ਖੇਤਰੀ ਪ੍ਰਤੀਨਿਧ
ਬਰਨਾਲਾ, 10 ਬਰਨਾਲਾ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿੱਚ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਦੌਰਾਨ ਲੇਖਿਕਾ ਜਸਬੀਰ ਕੌਰ ਪੱਖੋਕੇ ਦਾ ਕਾਵਿ ਸੰਗ੍ਰਹਿ ‘ਚਾਰ ਕਦਮ ਜ਼ਿੰਦਗੀ’, ਜਸਪਾਲ ਜਸ ਦਾ ਕਾਵਿ ਸੰਗ੍ਰਹਿ ‘ਸੱਚ ਦੀ ਆਰਤੀ’ ਅਤੇ ਸੁਖਚੈਨ ਸਿੰਘ ਕੁਰੜ ਤੇ ਗਗਨਦੀਪ ਕੌਰ ਧਾਲੀਵਾਲ ਦੁਆਰਾ ਸੰਪਾਦਿਤ ਕਾਵਿ ਸੰਗ੍ਰਹਿ ‘ਮਾਂ ਦੇ ਸੁਪਨਿਆਂ ਦੀ ਪਰਵਾਜ਼’ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ।
ਪੁਸਤਕ ‘ਚਾਰ ਕਦਮ ਜ਼ਿੰਦਗੀ’ ਬਾਰੇ ਬੋਲਦਿਆਂ ਤੇਜਿੰਦਰ ਚੰਡੋਕ ਨੇ ਕਿਹਾ ਕਿ ਜਸਬੀਰ ਕੌਰ ਪੱਖੋਕੇ ਦੀ ਕਵਿਤਾ ਪੇਂਡੂ ਧਰਾਤਲ ਨਾਲ ਜੁੜੀ ਹੋਣ ਕਰਕੇ ਦਿਹਾਤ ਰਹਿਤਲ ਤੇ ਰੂਹ ਦੀ ਤਰਜਮਾਨੀ ਕਰਦੀ ਹੈ। ਕਾਵਿ ਸੰਗ੍ਰਹਿ ‘ਸੱਚ ਦੀ ਆਰਤੀ’ ਬਾਰੇ ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਜੱਸ ਦੀਆਂ ਕਵਿਤਾਵਾਂ ਨਾਰੀ ਮਨ ਦੇ ਅਵਚੇਤਨ ਨੂੰ ਪ੍ਰਗਟ ਕਰਦੀਆਂ ਹਨ। ਪੁਸਤਕ ‘ਮਾਂ ਦੇ ਸੁਪਨਿਆਂ ਦੀ ਪਰਵਾਜ਼’ ਬਾਰੇ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ‘ਮਾਂ’ ਬਾਰੇ ਸੰਪਾਦਿਤ ਪੁਸਤਕ ਇੱਕ ਨਿਵੇਕਲਾ ਉਪਰਾਲਾ ਹੈ। ਇਨ੍ਹਾਂ ਤੋਂ ਇਲਾਵਾ ਨਾਵਲਕਾਰ ਓਮ ਪ੍ਰਕਾਸ਼ ਗਾਸੋ, ਡਾ. ਰਾਮਪਾਲ ਸਿੰਘ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਮਲਕੀਤ ਸਿੰਘ ਸੰਧੂ ਅਲਕੜਾ ਆਦਿ ਨੇ ਵੀ ਵਿਚਾਰ ਰੱਖੇ।
ਯਾਰ ਮੁਬਾਰਕ ਦੇ ਗ਼ਜ਼ਲ ਸੰਗ੍ਰਹਿ ‘ਤੈਨੂੰ ਪਤੈ?’ ਦੀ ਘੁੰਡ ਚੁਕਾਈ
ਜੈਤੋ (ਪੱਤਰ ਪ੍ਰੇਰਕ): ਦੀਪਕ ਜੈਤੋਈ ਮੰਚ ਜੈਤੋ ਵੱਲੋਂ ਇੱਥੇ ਪੈਨਸ਼ਨਰਜ ਭਵਨ ਵਿੱਚ ਨੌਜਵਾਨ ਸ਼ਾਇਰ ਯਾਰ ਮੁਬਾਰਕ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਤੈਨੂੰ ਪਤੈ?’ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤੇ ਗ਼ਜ਼ਲਗੋ ਸਰਿੰਦਰਪ੍ਰੀਤ ਘਣੀਆਂ ਨੇ ਕੀਤੀ। ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਮਹਿਮਾਨਾਂ ਨੂੰ ‘ਜੀ ਆਇਆ ਨੂੰ’ ਆਖਿਆ। ਤਰਸੇਮ ਨਰੂਲਾ ਨੇ ਕਿਹਾ ਕਿ ਯਾਰ ਮੁਬਾਰਕ ਚੇਤਨ ਬੁੱਧੀ ਵਾਲਾ ਨੌਜਵਾਨ ਸ਼ਾਇਰ ਹੈ। ਮੰਚ ਦੇ ਜਨਰਲ ਸਕੱਤਰ ਹਰਮੇਲ ਪਰੀਤ ਨੇ ਕਿਹਾ ਕਿ ਯਾਰ ਮੁਬਾਰਕ ਦੀ ਕਵਿਤਾ ਨਾਬਰੀ ਦਾ ਸੁਰ ਅਲਾਪਦੀ ਹੈ।