ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਜੂਨ
ਕਰੋਨਾਵਾਇਰਸ ਕਾਰਨ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਬੱਸ ਟਰਾਂਸਪੋਰਟ ਦਾ ਕਾਰੋਬਾਰ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਕਾਰਨ ਨਿੱਜੀ ਟਰਾਂਸਪੋਰਟਰਾਂ ਸਮੇਤ ਆਮ ਜਨਤਾ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਭਾਵੇਂ ਸਰਕਾਰ ਵੱਲੋਂ ਤਾਲਾਬੰਦੀ ‘ਚ ਛੋਟ ਦੇਣ ਤੋਂ ਬਾਅਦ ਸਰਕਾਰੀ ਬੱਸ ਸੇਵਾ ਤੋਂ ਬਾਅਦ ਨਿੱਜੀ ਬੱਸਾਂ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਪੇਂਡੂ ਬੱਸ ਸੇਵਾ ਅਜੇ ਵੀ ਪੂਰੀ ਤਰ੍ਹਾਂ ਠੱਪ ਪਈ ਹੈ ਜਿਸਦਾ ਪੇਂਡੂ ਲੋਕਾਂ ਦੀ ਜ਼ਿੰਦਗੀ ‘ਤੇ ਭਾਰੀ ਅਸਰ ਪਿਆ ਹੈ। ਕਰੀਬ ਦੋ ਮਹੀਨਿਆਂ ਤੋਂ ਬੱਸ ਸੇਵਾ ਬੰਦ ਹੈ। ਜੋ ਬੱਸ ਸੇਵਾ ਮੁੱਖ ਰੂਟ ਲਈ ਰਵਾਨਾ ਹੋਈ ਹੈ, ਉਸ ਦਾ ਵੀ ਪਿੰਡਾਂ ਦੇ ਲੋਕਾਂ ਨੂੰ ਕੋਈ ਭਾਅ ਨਹੀਂ। ਕਿਉਂਕਿ ਇਨ੍ਹਾਂ ਬੱਸਾਂ ਦੇ ਪਿੰਡਾਂ ਦੇ ਬੱਸ ਅੱਡਿਆਂ ‘ਤੇ ਰੁਕਣ ‘ਤੇ ਪਾਬੰਦੀ ਹੈ। ਇਹ ਬੱਸਾਂ ਸਿੱਧੇ ਸ਼ਹਿਰ ਤੋਂ ਸ਼ਹਿਰ ਹੀ ਚੱਲ ਰਹੀਆਂ ਹਨ। ਆਪਣੇ ਸਾਧਨਾਂ ਤੋਂ ਸੱਖਣੇ ਲੋਕ ਬੱਸ ਸੇਵਾ ਨਾ ਹੋਣ ਕਾਰਨ ਸਿਹਤ ਵਰਗੀਆਂ ਜ਼ਰੂਰੀ ਸਹੂਲਤਾਂ ਤੋਂ ਵੀ ਮੁਥਾਜ ਹੋ ਗਏ ਹਨ।
ਬਰਨਾਲਾ ਜ਼ਿਲ੍ਹੇ ਵਿੱਚ ਇਸ ਵਖਤ ਸਿਰਫ 8 ਰੂਟਾਂ ਲਈ ਬੱਸ ਸੇਵਾ ਸ਼ੁਰੂ ਹੋਈ ਹੈ ਜਦੋਂ ਕਿ 200 ਤੋਂ ਵਧੇਰੇ ਰੂਟਾਂ ‘ਤੇ ਆਮ ਦਿਨਾਂ ਵਿੱਚ ਬੱਸਾਂ ਚੱਲਦੀਆਂ ਹਨ। 32 ਦੇ ਕਰੀਬ ਰੂਟ ਮਿੰਨੀ ਬੱਸਾਂ ਦੇ ਹਨ। ਕੌਮੀ ਮਾਰਗਾਂ ‘ਤੇ ਸਥਿਤ ਪਿੰਡਾਂ ਦੇ ਲੋਕ ਵੀ ਬੱਸ ਸੇਵਾ ਨਾ ਮਿਲਣ ਕਾਰਨ ਨਿਰਾਸ਼ ਹਨ। ਨਿਰੋਲ ਪੇਂਡੂ ਲੋਕਾਂ ਦੀ ਸਹੂਲਤ ਲਈ ਮਿੰਨੀ ਬੱਸ ਸੇਵਾ ਹੀ ਸਹਾਈ ਹੁੰਦੀ ਹੈ ਪਰ ਹੁਣ ਇਹ ਵੀ ਠੱਪ ਹੈ। ਕਰੋਨਾ ਮਹਾਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਬੱਸਾਂ ਵਿੱਚ ਸਮਾਜਿਕ ਦੂਰੀ ਰੱਖਣੀ ਜ਼ਰੂਰੀ ਕੀਤੀ ਗਈ ਹੈ। ਇਸ ਕਰਕੇ ਬੱਸ ਸੀਟਾਂ ਤੋਂ ਅੱਧੀਆਂ ਸਵਾਰੀਆਂ ਹੀ ਚੜ੍ਹਾਏ ਜਾਣ ਦੀ ਸ਼ਰਤ ਲਗਾਈ ਗਈ ਹੈ। ਇਸ ਕਾਰਨ ਨਿੱਜੀ ਬੱਸ ਆਪਰੇਟਰ ਵੀ ਅਜੇ ਬੱਸਾਂ ਚਲਾਉਣ ਤੋਂ ਪਾਸਾ ਵੱਟ ਰਹੇ ਹਨ।
ਇਸ ਸਬੰਧੀ ਸੋਨੂੰ ਕੈਰੇ ਅਤੇ ਗੁਰਜੰਟ ਸਿੰਘ ਗਹਿਲ ਨੇ ਕਿਹਾ ਕਿ ਪਿੰਡਾਂ ਦੇ ਬਹੁਤੇ ਲੋਕ ਬੱਸਾਂ ‘ਤੇ ਹੀ ਸਫਰ ਕਰਦੇ ਹਨ ਪਰ ਹੁਣ ਬੱਸ ਸੇਵਾ ਨਾ ਚੱਲਣ ਕਾਰਨ ਭਾਰੀ ਦਿੱਕਤਾਂ ਆ ਰਹੀਆਂ ਹਨ। ਗਰੀਬ ਜਨਤਾ ਕੋਲ ਆਪਣੇ ਸਾਧਨ ਵੀ ਨਹੀਂ ਹਨ, ਜਿਨ੍ਹਾਂ ਲਈ ਹੋਰ ਵੀ ਔਖ ਹੈ ਕਿਉਂਕਿ ਟੈਕਸੀਆਂ ਕਰਨ ਦੀ ਗਰੀਬ ਪਰਿਵਾਰਾਂ ਕੋਲ ਗੁੰਜਾਇਸ਼ ਨਹੀਂ ਹੈ। ਨਿੱਜੀ ਬੱਸ ਅਪਰੇਟਰ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਨਿੱਜੀ ਬੱਸ ਆਪਰੇਟਰਾਂ ਦਾ ਪਹਿਲਾਂ ਹੀ ਦੋ ਮਹੀਨੇ ਤੋਂ ਕੰਮ ਠੱਪ ਹੈ। ਅੱਧੀਆਂ ਸਵਾਰੀਆਂ ਲੈ ਕੇ ਬੱਸਾਂ ਚਲਾਉਣੀਆਂ ਘਾਟੇ ਦਾ ਸੌਦਾ ਹੈ। ਇਸ ਲਈ ਸਰਕਾਰ ਹਰ ਤਰ੍ਹਾਂ ਦੇ ਟੈਕਸ ਮਾਫ ਕਰੇ।
ਬੱਸਾਂ ’ਤੇ ਸਫ਼ਰ ਕਰਨ ਤੋਂ ਅਜੇ ਵੀ ਕੰਨੀ ਕਤਰਾਉਂਦੇ ਨੇ ਮੁਸਾਫ਼ਿਰ
ਬਠਿੰਡਾ (ਸ਼ਗਨ ਕਟਾਰੀਆ): ਕੋਵਿਡ ਸੰਕਟ ਕਾਰਨ ਪੰਜਾਬ ਅੰਦਰ 20 ਮਈ ਤੋਂ ਮੁੜ ਸ਼ੁਰੂ ਹੋਈ ਬੱਸ ਸੇਵਾ ਅਜੇ ਰਫ਼ਤਾਰ ਨਹੀਂ ਫੜ ਸਕੀ। ਪੀਆਰਟੀਸੀ ਦੇ ਬਠਿੰਡਾ ਡਿੱਪੂ ਤੋਂ ਭਾਵੇਂ ਰੋਜ਼ਾਨਾ ਨੌਂ ਰੂਟਾਂ ’ਤੇ ਬੱਸਾਂ ਚੱਲਦੀਆਂ ਹਨ ਅਤੇ ਇਨ੍ਹਾਂ ਦਾ ਕਿਰਾਇਆ ਵੀ ਆਮ ਹੀ ਹੈ ਪਰ ਪਹਿਲੀ ਜੂਨ ਦੀ ਸ਼ਾਮ ਤੱਕ ਇਨ੍ਹਾਂ ਵਿੱਚ ਸਿਰਫ 5927 ਮੁਸਾਫ਼ਿਰਾਂ ਨੇ ਹੀ ਇਸ ਸੇਵਾ ਦਾ ਲਾਭ ਲਿਆ ਹੈ। ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਮੁਤਾਬਿਕ ਬਠਿੰਡਾ ਡਿੱਪੂ ਵਲੋਂ ਬਠਿੰਡਾ-ਚੰਡੀਗੜ੍ਹ, ਬਠਿੰਡਾ-ਮਲੋਟ, ਬਠਿੰਡਾ-ਕਿੱਲਿਆਂ ਵਾਲੀ (ਡੱਬਵਾਲੀ), ਬਠਿੰਡਾ-ਮਾਨਸਾ, ਬਠਿੰਡਾ-ਤਲਵੰਡੀ ਸਾਬੋ, ਬਠਿੰਡਾ-ਫ਼ਰੀਦਕੋਟ, ਬਠਿੰਡਾ-ਅਮ੍ਰਿੰਤਸਰ, ਬਠਿੰਡਾ-ਮੁਕਤਸਰ ਅਤੇ ਬਠਿੰਡਾ ਤੋਂ ਭਗਤਾ ਦੇ ਰੂਟਾਂ ’ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਆਉਣ ਵਾਲੇ ਸਮੇਂ ’ਚ ਹੋਰ ਰੂਟਾਂ ’ਤੇ ਵੀ ਬੱਸਾਂ ਚਲਾਉਣ ਬਾਰੇ ਖੁਲਾਸਾ ਕੀਤਾ। ਉਨ੍ਹਾਂ ਅਨੁਸਾਰ ਬੱਸਾਂ ’ਤੇ ਸਫ਼ਰ ਕਰਨ ਲਈ www.travelyaari.com ’ਤੇ ਆਨ-ਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ ਅਤੇ ਬੱਸਾਂ ਦੀ ਸਮਾਂ-ਸਾਰਨੀ ਸਬੰਧੀ ਵੈਬਸਾਈਟ www.pepsuonline.com ’ਤੇ ਪੜਤਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ‘ਮਿਸ਼ਨ ਫ਼ਤਿਹ’ ਤਹਿਤ ਸ਼ੁਰੂ ਕੀਤੀ ਗਈ ਬੱਸ ਸਰਵਿਸ ਦੌਰਾਨ ਸੈਨੀਟਾਈਜ਼ਰ ਵੀ ਵਿਸ਼ੇਸ਼ ਤੌਰ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੱਸਾਂ ਵਿਚ ਸਫ਼ਰ ਕਰਦੇ ਸਾਰੇ ਮੁਸਾਫ਼ਰਾਂ ਨੂੰ ਮਾਸਕ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਬੱਸਾਂ ਵਿਚ ਸਫ਼ਰ ਕਰਨ ਤੋਂ ਪਹਿਲਾਂ ਮੁਸਾਫ਼ਿਰਾਂ ਦੀ ਥਰਮਲ ਸਕੈਨਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਂਦੀ ਹੈ।