ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਗਸਤ
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੋੜਾਵਾਲ ਵਿੱਚ ਪੰਜਾਬ ਦੇ ਪਹਿਲੇ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਸਰਕਾਰੀ ਹਾਈ ਸਮਾਰਟ ਸਕੂਲ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਕਾਂਗੜ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਦੇ ਨਿਰੰਤਰ ਉਪਰਾਲਿਆਂ ਦੇ ਸਦਕਾ ਹੁਣ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਦਾਖ਼ਲਾ ਦਰ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਹੀ ਕੁੱਲ 195 ਅੱਪਰ ਪ੍ਰਾਇਮਰੀ ਸਕੂਲਾਂ ਵਿੱਚੋਂ 192 ਸਕੂਲ ਅਤੇ 294 ਪ੍ਰਾਇਮਰੀ ਸਕੂਲਾਂ ਵਿੱਚੋਂ 288 ਸਮਾਰਟ ਸਕੂਲ ਦਾ ਦਰਜਾ ਹਾਸਲ ਕਰ ਚੁੱਕੇ ਹਨ। ਸ੍ਰੀ ਕਾਂਗੜ ਨੇ ਸਕੂਲ ਕੰਪਲੈਕਸ ਦਾ ਦੌਰਾ ਕੀਤਾ ਅਤੇ ਬਿਜਲੀ ਦੀ ਬੱਚਤ ਲਈ ਸਥਾਪਤ ਸੋਲਰ ਪਲਾਂਟ, ਐਜੂਸੈਟ ਰੂਮ, ਕੰਪਿਊਟਰ ਲੈਬ, ਸਮਾਰਟ ਕਲਾਸ ਰੂਮ, ਲਾਇਬ੍ਰੇਰੀ, ਸਾਇੰਸ ਲੈਬ, ਭਾਸ਼ਾ ਲੈਬ, ਸਮਾਰਟ ਗੇਟ, ਐਜੂਕੇਸ਼ਨਲ ਪਾਰਕ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਕਰੀਬ 20 ਲੱਖ ਰੁਪਏ ਦੀ ਗਰਾਂਟ ਦੇ ਨਾਲ ਨਾਲ ਸਕੂਲ ਦੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਵੱਲੋਂ ਗ੍ਰਾਮ ਪੰਚਾਇਤ ਤੇ ਹੋਰ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਇਸ ਸਕੂਲ ਦਾ ਕਾਇਆ ਕਲਪ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਇਸ ਦੌਰਾਨ ਸਕੂਲ ਕੰਪਲੈਕਸ ਵਿੱਚ ਹੀ ਸਥਾਪਿਤ ਬੈਡਮਿੰਟਨ ਹਾਲ ਵਿੱਚ ਵਿਦਿਆਰਥੀਆਂ ਨਾਲ ਬੈਡਮਿੰਟਨ ਵੀ ਖੇਡਿਆ। ਕੈਬਨਿਟ ਮੰਤਰੀ ਦੁਆਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜੂ ਗੁਪਤਾ, ਸਕੂਲ ਦੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਵਿਰਦੀ ਅਤੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।