ਪੱਤਰ ਪ੍ਰੇਰਕ
ਭੀਖੀ, 8 ਸਤੰਬਰ
ਇਥੋਂ ਨੇੜਲੇ ਪਿੰਡ ਫਫੜੇ ਭਾਈ ਕੇ ਦੇ ਇਤਿਹਾਸਕ ਸਥਾਨ ਭਾਈ ਬਹਿਲੋ ਸਭ ਤੋਂ ਪਹਿਲੋ ਦਾ ਸਾਲਾਨਾ ਜੋੜ ਮੇਲਾ 18 ਤੋਂ 20 ਸਤੰਬਰ ਤੱਕ ਲੱਗੇਗਾ। ਇਸ ਦੌਰਾਨ ਦੇਸ਼-ਵਿਦੇਸ ਦੀਆਂ ਸੰਗਤਾਂ ਹਰ ਸਾਲ ਨਤਮਸਤਕ ਹੁੰਦੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਇਕਬਾਲ ਸਿੰਘ ਫਫੜੇ ਨੇ ਦੱਸਿਆ ਕਿ ਮੇਲੇ ਦੇ ਤਿੰਨੋ ਦਿਨ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ। ਇਸ ਸਾਲ ਦਾ ਕਬੱਡੀ ਟੂਰਨਾਮੈਂਟ ਮਰਹੂਮ ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਹੋਵੇਗਾ। ਅੱਜ ਇਸ ਮੇਲੇ ਅਤੇ ਟੂਰਨਾਮੈਂਟ ਦਾ ਪੋਸਟਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਜਾਰੀ ਕੀਤਾ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਨਿਭਾਈ ਜਾਵੇਗੀ। ਮੇਲੇ ਵਿੱਚ ਸ਼ਿਰਕਤ ਕਰਨ ਲਈ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਚਮਕੌਰ ਸਿੰਘ ਮੂਸਾ, ਸਤਪਾਲ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ ਫਫੜੇ ਆਦਿ ਹਾਜ਼ਰ ਸਨ।