ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਫਰਵਰੀ
ਚੋਣਾਂ ਦੇ ਮੌਸਮ ਵਿੱਚ ਭਾਵੇਂ ਸਿਆਸੀ ਆਗੂਆਂ ਦੇ ਵਰਕਰ ਤੇ ਕਾਮੇ ਵੀ ਇੱਕ-ਦੂਜੇ ਨਾਲ ਸੁਰ ਨਹੀਂ ਮਿਲਾਉਂਦੇ ਪਰ ਇਸ ਦੇ ਬਾਵਜੂਦ ਸਾਰੇ ਸਿਆਸੀ ਆਗੂ ਆਪਣੇ ਪ੍ਰਚਾਰ ਲਈ ਇੱਕੋ ਵਿਅਕਤੀ ਕੋਲ ਜਾਂਦੇ ਹਨ ਤੇ ਉਹ ਹੈ ਜੁਗਿੰਦਰ ਸਿੰਘ ਸਪੀਕਰਾਂ ਵਾਲਾ। ਜੁਗਿੰਦਰ ਸਿੰਘ ਦੀ ਦਮਦਾਰ ਆਵਾਜ਼ ਕਾਰਨ ਅਕਾਲੀ, ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰ ਉਸ ਕੋਲੋਂ ਹੀ ਆਪਣੀ ਮਸ਼ਹੂਰੀ ਕਰਵਾਉਂਦੇ ਹਨ। ਜੁਗਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ ਪੰਜਾਹ ਸਾਲਾਂ ਤੋਂ ਮੁਨਿਆਦੀ ਦਾ ਕੰਮ ਕਰ ਰਹੇ ਹਨ। ਪਹਿਲਾਂ ਉਹ ਰਿਕਸ਼ੇ ’ਤੇ ਬੈਠਕੇ ਮੁਨਿਆਦੀ ਕਰਦੇ ਸਨ ਅਤੇ ਨਾਲ ਗਾਣਿਆਂ ਵਾਸਤੇ ਤਵਿਆਂ ਵਾਲੀ ਮਸ਼ੀਨ ਰੱਖੀ ਜਾਂਦੀ ਸੀ, ਫਿਰ ਕੈਸੇਟਾਂ ਦਾ ਯੁੱਗ ਆਇਆ ਤੇ ਇਸ ਤੋਂ ਬਾਅਦ ਪੈੱਨ ਡਰਾਈਵ ਰਾਹੀਂ ਪ੍ਰਚਾਰ ਕੀਤਾ ਜਾਣ ਲੱਗਾ ਪਰ ਹੁਣ ਮੋਬਾਈਲ ਦੀ ਬਲਿਯੂ ਚਿੱਪ ਰਾਹੀਂ ਹੀ ਮੁਨਿਆਦੀ ਹੋ ਜਾਂਦੀ ਹੈ। ਕੰਪਿਊਟਰ ਰਿਕਾਰਡਿੰਗ ਉਪਰ ਕਰੀਬ ਅੱਧਾ ਘੰਟਾ ਲੱਗਦਾ ਹੈ ਜਿਸ ਦੇ ਉਹ ਪੰਜ ਸੌ ਰੁਪਏ ਲੈਂਦੇ ਹਨ। ਉਸ ਤੋਂ ਬਾਅਦ ਉਮੀਦਵਾਰ ਨੂੰ ਭੇਜ ਦਿੰਦੇ ਹਨ ਤੇ ਅੱਗੋਂ ਉਹ ਮੁਨਿਆਦੀ ਕਰਨ ਵਾਲੇ ਦੇ ਮੋਬਾਈਲ ਵਿੱਚ ਭੇਜ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਪਾਸੋਂ ਸਾਰੇ ਪੰਜਾਬ ਵਿੱਚੋਂ ਉਮੀਦਵਾਰ ਮੁਨਿਆਦੀ ਕਰਾਉਂਦੇ ਹਨ।