ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 23 ਜਨਵਰੀ
ਕਸਬਾ ਫੂਲ ਵਿੱਚ ਬੀਤੇ ਦਿਨੀਂ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਸ ਦੇ ਗੰਨਮੈਨਾਂ ਵੱਲੋਂ ਕਵਰੇਜ ਕਰਨ ਗਏ ਰਾਮਪੁਰਾ ਫੂਲ ਤੋਂ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਦਾ ਮੋਬਾਈਲ ਫੋਨ ਖੋਹਣ ਅਤੇ ਉਸ ਲਾਲ ਬਦਸਲੂਕੀ ਕਰਨ ’ਤੇ ਹਲਕਾ ਰਾਮਪੁਰਾ ਫੂਲ ਦੇ ਪੱਤਰਕਾਰਾਂ ਵੱਲੋਂ ਗੁਰਪ੍ਰੀਤ ਕਾਂਗੜ ਦਾ ਬਾਈਕਾਟ ਜਾਰੀ ਹੈ।
ਇਸ ਤੋਂ ਇਲਾਵਾ ਪ੍ਰੈੱਸ ਕਲੱਬ ਭਗਤਾ ਭਾਈਕਾ, ਪ੍ਰੈੱਸ ਕਲੱਬ ਭਾਈਰੂਪਾ, ਮਹਿਰਾਜ ਅਤੇ ਰਾਮਪੁਰਾ ਫੂਲ ਦੇ ਸਮੁੱਚੇ ਪੱਤਰਕਾਰਾਂ ਨੇ ਫ਼ੈਸਲਾ ਕੀਤਾ ਕਿ ਗੁਰਪ੍ਰੀਤ ਸਿੰਘ ਕਾਂਗੜ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਕਸਬਾ ਫੂਲ ਵਿੱਚ ਰੋਸ ਮੁਜ਼ਾਹਰਾ ਅਤੇ ਐੱਸਡੀਐੱਮ ਫੂਲ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ।
ਸਮੂਹ ਪੱਤਰਕਾਰ ਭਾਈਚਾਰੇ ਨੇ ਕਿਹਾ ਕਿ ਜੇ ਇਸ ਮਾਮਲੇ ’ਤੇ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਪੱਤਰਕਾਰ ਦਲਜੀਤ ਸਿੰਘ ਭੱਟੀ ਨੇ ਕਿਹਾ ਕਿ ਉਸ ਦੇ ਮੋਬਾਈਲ ਫੋਨ ਵਿੱਚ ਉਸ ਦਾ ਅਤੇ ਪੂਰੇ ਪਰਿਵਾਰ ਦਾ ਡਾਟਾ ਅਤੇ ਡਾਕੂਮੈਂਟ ਹਨ। ਜੇ ਫੋਨ ਨਾਲ ਕੋਈ ਛੇੜਛਾੜ ਕੀਤੀ ਗਈ ਤਾਂ ਉਸ ਦਾ ਗੁਰਪ੍ਰੀਤ ਸਿੰਘ ਕਾਂਗੜ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਗੁਰਮੇਲ ਸਿੰਘ ਵਿਰਦੀ, ਗੁਰਮੀਤ ਸਿੰਘ ਖਾਲਸਾ ਤੇ ਜਸਪ੍ਰੀਤ ਭੁੱਲਰ ਹਾਜ਼ਰ ਸਨ।