ਪੱਤਰ ਪ੍ਰੇਰਕ
ਮਾਨਸਾ, 30 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੀ ਜੂਨੀਅਰ ਵਾਲੀਬਾਲ ਟੀਮ ਨੂੰ ਏਸ਼ੀਅਨ ਚੈਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤਣ ’ਤੇ ਮੁਬਾਰਕਬਾਦ ਦਿੱਤੀ ਹੈ। ਟੀਮ ’ਚ ਪੰਜਾਬ ਦਾ ਇਕਲੌਤਾ ਖਿਡਾਰੀ ਜੋਸ਼ਨੂਰ ਢੀਂਡਸਾ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਸਾਰੀ ਟੀਮ ਨੂੰ ਮੁੱਖ ਮੰਤਰੀ ਨੇ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਟੀਮ ਨੂੰ ਵਧਾਈਆਂ ਸ਼ੋਸਲ ਮੀਡੀਆ ਰਾਹੀਂ ਦਿੱਤੀਆਂ ਹਨ।
ਭਾਰਤੀ ਟੀਮ ਵੱਲੋਂ ਖੇਡੇ ਜੋਸ਼ਨੂਰ ਢੀਂਡਸਾ ਦੇ ਅੱਜ ਮਾਨਸਾ ਸਥਿਤ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਸਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਫਾਈਨਲ ’ਚ ਈਰਾਨ ਤੋਂ 3-1 ਨਾਲ ਹਾਰ ਗਈ ਹੈ, ਪਰ ਇਸ ਟੀਮ ਤੋਂ ਭਵਿੱਖ ’ਚ ਬਹੁਤ ਵੱਡੀਆਂ ਉਮੀਦਾਂ ਵਿਖਾਈ ਦਿੰਦੀਆਂ ਹਨ। ਭਾਰਤੀ ਟੀਮ ਵੱਲੋਂ ਬਹਿਰੀਨ ਦੇਸ਼ ਦੇ ਸ਼ਹਿਰ ਰੀਫ਼ਾ ’ਚ 20 ਤੋਂ 29 ਅਗਸਤ ਤੱਕ ਏਸ਼ੀਅਨ ਚੈਪੀਅਨਸ਼ਿਪ ’ਚ ਜੂਨੀਅਰ ਵਾਲੀਬਾਲ ਟੀਮ ਵੱਲੋਂ ਜੋਸ਼ਨੂਰ ਢੀਂਡਸਾ ਦੂਜੀ ਵਾਰ ਖੇਡੇ ਹਨ, ਜਦੋਂਕਿ ਹਾਲ ਹੀ ’ਚ ਉਹ ਇਸ ਤੋਂ ਪਹਿਲਾਂ ਭਾਰਤ ਦੀ ਸੀਨੀਅਰ ਟੀਮ ਵੱਲੋਂ 7 ਤੋਂ 14 ਅਗਸਤ ਤੱਕ ਥਾਈਲੈਂਡ ’ਚ ਏਸ਼ੀਆ ਕੱਪ ਖੇਡ ਕੇ ਆਇਆ ਸੀ। ਉਹ ਭਾਰਤ ਦੀ ਸੀਨੀਅਰ ਟੀਮ ਵਿੱਚ ਭਾਗ ਲੈਣ ਵਾਲਾ ਵੀ ਇਕੱਲਾ ਪੰਜਾਬੀ ਸੀ।