ਰਵਿੰਦਰ ਰਵੀ
ਬਰਨਾਲਾ, 7 ਜੁਲਾਈ
ਸਿਹਤ ਅਤੇ ਸਿੱਖਿਆ ਖੇਤਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਹਨ। ਪੰਜਾਬ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਇਸ ਮੁਹਿੰਮ ਵਿੱਚ ਯੋਗਦਾਨ ਪਾਉਣਾ ਬੇਹੱਦ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਉਚੇਰੀ ਸਿੱਖਿਆ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਇੱਥੇ ਵਾਈਐੱਸ ਸਕੂਲ ਵਿੱਚ ਬਰਨਾਲਾ ਵੈੱਲਫੇਅਰ ਕਲੱਬ ਅਤੇ ਲਾਇਨਜ਼ ਕਲੱਬ ਵੱਲੋਂ ਲਾਏ ਮੁਫਤ ਮੈਡੀਕਲ ਕੈਂਪ ਦੇ ਉਦਘਾਟਨ ਮਗਰੋਂ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਬਿਹਤਰ ਅਤੇ ਆਮ ਲੋਕਾਂ ਲਈ ਪਹੁੰਚਯੋਗ ਬਣਾਉਣ ਲਈ ਅਜਿਹੇ ਸਾਂਝੇ ਉਦਮ ਬੇਹੱਦ ਜ਼ਰੂਰੀ ਹਨ। ਉਨਾਂ ਸਬੰਧਿਤ ਕਲੱਬਾਂ ਨੂੰ ਮੁਫ਼ਤ ਮੈਡੀਕਲ ਕੈਂਪ ਦੇ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਸਮਾਜਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਨੂੰ ਵੀ ਇਸ ਖੇਤਰ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਹ ਕੈਂਪ ਵਿਵੇਕ ਸਿੰਧਵਾਨੀ ਦੀ ਅਗਵਾਈ ’ਚ ਲਗਾਇਆ ਗਿਆ। ਜ਼ਿਲਾ ਪੁਲੀਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੀ ਇਸ ਮੌਕੇ ਹਾਜ਼ਰ ਸਨ। ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਵਲ ਹਸਪਤਾਲ ਵੱਲੋਂ ਭੇਜੀ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਇਸ ਦੌਰਾਨ ਟੈਸਟ ਮੁਫਤ ਕੀਤੇ ਗਏ। ਹੋਰਨਾਂ ਤੋਂ ਇਲਾਵਾ ਰੋਟਰੀ ਕਲੱਬ ਦੇ ਜ਼ਿਲ੍ਹਾ ਗਵਰਨਰ ਘਣਸ਼ਿਆਮ ਕਾਂਸਲ, ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ, ਵਾਈਐਸ ਸਕੂਲ ਦੇ ਡਾਇਰੈਕਟਰ ਵਰੁਣ ਭਾਰਤੀ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਪਿ੍ਰੰਸੀਪਲ ਰਾਕੇਸ ਜਿੰਦਲ ਹਾਜ਼ਰ ਸਨ। ਕੈਬਨਿਟ ਮੰਤਰੀ ਮੀਤ ਹੇਅਰ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 25 ਬਾਬਾ ਦੀਪ ਸਿੰਘ ਨਗਰ ’ਚ ਟਿਊਬਵੈਲ ਦਾ ਉਦਘਾਟਨ ਕੀਤਾ।
ਪੂਹਲੀ ਵਿੱਚ ਬੈਡਮਿੰਟਨ ਹਾਲ ਦਾ ਕੀਤਾ ਉਦਘਾਟਨ
ਨਥਾਣਾ (ਭਗਵਾਨ ਦਾਸ ਗਰਗ): ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਅੱਜ ਨੇੜਲੇ ਪਿੰਡ ਪੂਹਲੀ ਵਿੱਚ ਬਣਾਏ ਐਸਟੋਟਰਫ਼ ਮੈਦਾਨ ਅਤੇ ਬਿਡਮਿੰਟਨ ਹਾਲ ਦਾ ਉਦਘਾਟਨ ਕੀਤਾ। ਇਸ ਮੌਕੇ ਬਰਨਾਲਾ ਦੇ ਏਡੀਸੀ ਵਿਕਾਸ ਪਰਮਜੀਤ ਸਿੰਘ ਬਰਾੜ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਵਧੇਰੇ ਉਦਸ਼ਾਹਤ ਕਰਨ ਲਈ ਪੇਡੂ ਖੇਤਰਾਂ ਵਿੱਚ ਵੀ ਵਧੇਰੇ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਪਿੰਡ ਪੂਹਲੀ ਵਿੱਚ ਚੰਲ ਰਹੇ ਵਿਕਾਸ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਖੇਡ ਮੈਦਾਨ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿਤਾ। ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਸਰਪੰਚ ਚਮਕੌਰ ਸਿੰਘ ਨੇ ਪਿੰਡ ਦੇ ਅਧੂਰੇ ਵਿਕਾਸ ਕੰਮ ਮੁਕੰਮਲ ਕਰਨ ਲਈ ਗਰਾਂਟ ਦੀ ਮੰਗ ਕੀਤੀ। ਨਥਾਣਾ ਦੇ ਫੁੱਟਬਾਲ ਖਿਡਾਰੀਆਂ ਨੇ ਗੁਰੂ ਹਰਗੋਬਿੰਦ ਖੇਡ ਸਟੇਡੀਅਮ ਨਥਾਣਾ ਦੀਆਂ ਸਮੱਸਿਆਵਾਂ ਸਬੰਧੀ ਕੈਬਨਿਟ ਮੰਤਰੀ ਨੂੰ ਯਾਦ ਪੱਤਰ ਦਿੱਤਾ।